ਪਾਕਿ ''ਚ ਕੋਵਿਡ-19 ਦੇ 2,964 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 72,000 ਦੇ ਪਾਰ
Monday, Jun 01, 2020 - 06:08 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਹੁਣ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇੱਥੇ ਸੋਮਵਾਰ ਨੂੰ ਕੋਰੋਨਾਵਾਇਰਸ ਦੇ 2,964 ਨਵੇਂ ਮਰੀਜ਼ਾਂ ਦੇ ਨਾਲ ਪੀੜਤਾਂ ਦੀ ਗਿਣਤੀ 72,000 ਦੇ ਅੰਕੜੇ ਨੂੰ ਪਾਰ ਕਰ ਗਈ। ਜਦੋਂਕਿ ਪਿਛਲੇ 24 ਘੰਟਿਆਂ ਵਿੱਚ 60 ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,543 ਹੋ ਗਈ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 2,964 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਭਰ ਵਿੱਚ ਪੀੜਤਾਂ ਦੀ ਗਿਣਤੀ 72,460 ਹੋ ਗਈ।ਜਦਕਿ ਪਿਛਲੇ 24 ਘੰਟਿਆਂ ਦੌਰਾਨ 60 ਹੋਰ ਮੌਤਾਂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,543 ਹੋ ਗਈ।
ਮੰਤਰਾਲੇ ਦੇ ਮੁਤਾਬਕ ਸਿੰਧ ਵਿੱਚ 28,245, ਪੰਜਾਬ ਵਿੱਚ 26,240, ਖੈਬਰ-ਪਖਤੂਨਖਵਾ ਵਿੱਚ 10,027, ਬਲੋਚਿਸਤਾਨ ਵਿੱਚ 4,393, ਇਸਲਾਮਾਬਾਦ ਵਿੱਚ 2,589, ਗਿਲਗਿਤ-ਬਾਲਟਿਸਤਾਨ ਵਿੱਚ 711, ਅਤੇ ਮਕਬੂਜ਼ਾ ਕਸ਼ਮੀਰ ਵਿੱਚ 255 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਦੱਸਿਆ ਕਿ ਵਾਇਰਸ ਤੋਂ ਹੁਣ ਤੱਕ 26,083 ਮਰੀਜ਼ ਠੀਕ ਹੋ ਚੁੱਕੇ ਹਨ। ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 14,398 ਸਮੇਤ 561,136 ਟੈਸਟ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਈ ਦੇ ਮਹੀਨੇ ਵਿਚ ਇੱਥੇ ਤਕਰੀਬਨ 52,000 ਨਵੇਂ ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ 17,699 ਤੋਂ ਵੱਧ ਕੇ 69,474 ਹੋ ਗਈ ਹੈ। ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 408 ਤੋਂ ਵਧ ਕੇ 1,483 ਹੋ ਗਈ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ, ਰਾਸ਼ਟਰੀ ਤਾਲਮੇਲ ਕਮੇਟੀ (ਐਨ.ਸੀ.ਸੀ.) ਦੀ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਸੋਮਵਾਰ ਨੂੰ ਮਹਾਮਾਰੀ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਭਵਿੱਖ ਦੀ ਰਣਨੀਤੀ ਤੈਅ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਬੈਠਕ ਵਿਚ ਵੱਖ-ਵੱਖ ਵਿਕਲਪਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਵਿਚ ਤਾਲਾਬੰਦੀ ਸ਼ਾਮਲ ਹੈ ਜਿਸ ਵਿਚ ਲਗਭਗ ਦੋ ਹਫ਼ਤੇ ਪਹਿਲਾਂ ਢਿੱਲ ਦਿੱਤੀ ਗਈ ਸੀ। ਭਾਵੇਂਕਿ ਇਕ ਮੰਤਰੀ ਨੇ ਕਿਹਾ ਕਿ ਲੋਕਾਂ 'ਤੇ ਵੱਧ ਰਹੀ ਪਾਬੰਦੀਆਂ ਸਰਗਰਮ ਵਿਚਾਰ ਅਧੀਨ ਨਹੀਂ ਹਨ। ਯੋਜਨਾਬੰਦੀ ਦੇ ਮੰਤਰੀ ਅਸਦ ਉਮਰ ਨੇ ਐਤਵਾਰ ਨੂੰ ਕਿਹਾ,"ਤਾਲਾਬੰਦੀ ਦਾ ਵਿਕਲਪ ਹਮੇਸ਼ਾ ਟੇਬਲ 'ਤੇ ਹੁੰਦਾ ਹੈ ਪਰ ਇਹ ਸਰਗਰਮ ਵਿਚਾਰ ਅਧੀਨ ਨਹੀਂ ਹੈ।"ਉਮਰ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਦਾ ਮੁਖੀ ਹੈ ਜੋ ਐਨਸੀਸੀ ਦੇ ਵਿਚਾਰਾਂ ਲਈ ਉਪਾਵਾਂ ਦੀ ਸਿਫਾਰਸ਼ ਕਰਦਾ ਹੈ ਅਤੇ ਇਸਦੇ ਫੈਸਲਿਆਂ ਨੂੰ ਲਾਗੂ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਚੋਟੀ ਦੇ ਡਾਕਟਰਾਂ ਦਾ ਦਾਅਵਾ, ਕਮਜ਼ੋਰ ਪੈ ਰਿਹਾ ਹੈ ਕੋਰੋਨਾਵਾਇਰਸ
9 ਮਈ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਬਾਵਜੂਦ, ਪਾਕਿਸਤਾਨ ਨੇ ਮਹੀਨੇ ਭਰ ਦੀ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ। ਉਦੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਪਾਕਿਸਤਾਨ ਬੰਦ ਦੇ ਕਾਰਨ ਹੋਏ ਆਰਥਿਕ ਸੰਕਟ ਦਾ ਹਵਾਲਾ ਦਿੰਦਿਆਂ ਵੱਖ-ਵੱਖ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜ਼ਾਜ਼ਤ ਦੇ ਕੇ ਆਪਣੇ ਦੇਸ਼ ਵਿਆਪੀ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਕਰ ਦੇਣਗੇ, ਜਿਸ ਨੂੰ ਮਾਰਚ ਦੇ ਅੰਤ ਵਿੱਚ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ। ਇਸ ਦੇ ਇਲਾਵਾ ਕੋਰੋਨਾਵਾਇਰਸ ਮਹਾਮਾਰੀ ਕਾਰਨ ਹਵਾਈ ਸੇਵਾਵਾਂ ਮੁਅੱਤਲ ਕੀਤੇ ਜਾਣ ਦੇ ਦੋ ਮਹੀਨਿਆਂ ਬਾਅਦ ਪਾਕਿਸਤਾਨ ਨੇ ਸ਼ਨੀਵਾਰ ਤੋਂ ਬਾਹਰੀ ਅੰਤਰ ਰਾਸ਼ਟਰੀ ਉਡਾਣਾਂ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ।