ਰੰਗ ਲਿਆਈ ਸੁਸ਼ਮਾ ਸਵਰਾਜ ਦੀ ਕੋਸ਼ਿਸ਼, ਪਾਕਿਸਤਾਨ ''ਚ ਲਾਪਤਾ ਹੋਏ ਦੋ ਭਾਰਤੀ ਮੌਲਵੀ ਸੁਰੱਖਿਆ ਪੁੱਜੇ ਭਾਰਤ

03/20/2017 2:47:28 PM

ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਤੋਂ ਪਿਛਲੇ ਹਫਤੇ ਲਾਪਤਾ ਹੋਣ ਵਾਲੇ ਹਜ਼ਰਤ ਨਿਜ਼ਾਮੁਦੀਨ ਦਰਗਾਹ ਦੇ ਦੋ ਭਾਰਤੀ ਮੌਲਵੀ ਸੋਮਵਾਰ ਨੂੰ ਭਾਰਤ ਪਰਤ ਆਏ ਹਨ। ਸਈਅਦ ਆਸਿਫ ਨਿਜ਼ਾਮੀ ਅਤੇ ਉਨ੍ਹਾਂ ਦੇ ਭਤੀਜੇ ਨਾਜ਼ਿਮ ਅਲੀ ਨਿਜ਼ਾਮੀ ਦੇ ਦੇਸ਼ ਪਰਤਣ ''ਤੇ ਹਵਾਈ ਅੱਡੇ ''ਤੇ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਓਧਰ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਮੌਲਵੀ ਆਸਿਫ ਨਿਜ਼ਾਮੀ ਦੇ ਪੁੱਤਰ ਆਮਿਰ ਨਿਜ਼ਾਮੀ ਨੇ ਆਪਣੇ ਪਿਤਾ ਅਤੇ ਭਰਾ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਕਰਨ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਦਿੱਤਾ। ਆਮਿਰ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਠੀਕ ਹਨ। ਅਸੀਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ''ਚ ਭਾਰਤ ਸਰਕਾਰ ਦੇ ਸਹਿਯੋਗ ਲਈ ਸ਼ੁੱਕਰਗੁਜ਼ਾਰ ਹਾਂ। 
ਦੱਸਣ ਯੋਗ ਹੈ ਕਿ ਸਈਅਦ ਆਸਿਫ ਅਲੀ ਨਿਜ਼ਾਮੀ ਅਤੇ ਉਨ੍ਹਾਂ ਦੇ ਭਤੀਜੇ ਅਲੀ ਨਾਜ਼ਿਮ 8 ਮਾਰਚ ਨੂੰ ਲਾਹੌਰ ਗਏ ਸਨ, ਜਿੱਥੋਂ ਉਹ ਲਾਪਤਾ ਹੋ ਗਏ ਸਨ। ਜਿਸ ਤੋਂ ਬਾਅਦ ਭਾਰਤ ਨੇ ਇਸ ਮਾਮਲੇ ਨੂੰ ਪਾਕਿਸਤਾਨ ਦੇ ਸਾਹਮਣੇ ਚੁੱਕਿਆ ਸੀ। ਆਸਿਫ ਦੀ ਯਾਤਰਾ ਦਾ ਮੁੱਖ ਮਕਸਦ ਕਰਾਚੀ ''ਚ ਆਪਣੀ ਭੈਣ ਨੂੰ ਮਿਲਣਾ ਸੀ। ਦੋਹਾਂ ਮੌਲਵੀਆਂ ਦਾ ਪਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਦਖਲ ਅੰਦਾਜ਼ੀ ਤੋਂ ਬਾਅਦ ਸੰਭਵ ਹੋ ਸਕਿਆ ਹੈ। ਸੁਸ਼ਮਾ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਦੀ ਹਜ਼ਰਤ ਨਿਜ਼ਾਮੁਦੀਨ ਦਰਗਾਹ ਨਾਲ ਜੁੜੇ ਦੋਵੇਂ ਮੌਲਵੀ ਸੁਰੱਖਿਅਤ ਹਨ ਅਤੇ ਸੋਮਵਾਰ ਨੂੰ ਦਿੱਲੀ ਪਰਤ ਆਉਣਗੇ। ਪਾਕਿਸਤਾਨ ਨੇ ਸ਼ਨੀਵਾਰ ਨੂੰ ਭਾਰਤ ਨੂੰ ਸੂਚਿਤ ਕੀਤਾ ਸੀ ਕਿ ਦੋਵੇਂ ਮੌਲਵੀ ਮਿਲ ਗਏ ਹਨ ਅਤੇ ਦੋਵੇਂ ਕਰਾਚੀ ਪਹੁੰਚ ਗਏ ਹਨ। 
ਸੁਸ਼ਮਾ ਸਵਰਾਜ ਨੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨਾਲ ਐਤਵਾਰ ਨੂੰ ਇਸ ਸੰਬੰਧ ਵਿਚ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨੀ ਸੂਤਰਾਂ ਨੇ ਕਿਹਾ ਸੀ ਕਿ ਮੁੱਤਾਹਿਦਾ ਕੌਮੀ ਮੂਵਮੈਂਟ ਨਾਲ ਸੰਬੰਧਾਂ ਨੂੰ ਲੈ ਕੇ ਪਾਕਿਸਤਾਨੀ ਖੁਫੀਆ ਏਜੰਸੀ ਨੇ ਦੋਹਾਂ ਮੌਲਵੀਆਂ ਨੂੰ ਹਿਰਾਸਤ ਵਿਚ ਲਿਆ ਹੈ।

Tanu

News Editor

Related News