ਕੁਲਭੂਸ਼ਣ ਜਾਧਵ ਮਾਮਲੇ 'ਚ ਪਾਕਿ ਨੇ ICJ ਦੇ ਫੈਸਲੇ ਦੀ ਕੀਤੀ ਪਾਲਣਾ : ਵਿਦੇਸ਼ ਮੰਤਰਾਲਾ

05/10/2020 9:42:39 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਕੁਲਭੂਸ਼ਣ ਜਾਧਵ ਮਾਮਲੇ ਵਿਚ ਉਸ ਨੇ ਆਈ.ਸੀ.ਜੇ. ਦੇ ਫੈਸਲੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਹੈ। ਕੁਝ ਦਿਨ ਪਹਿਲਾਂ ਇਸ ਮਾਮਲੇ ਵਿਚ ਭਾਰਤ ਦੇ ਵਕੀਲ ਨੇ ਕਿਹਾ ਸੀ ਕਿ ਨਵੀਂ ਦਿੱਲੀ ਨੂੰ ਆਸ ਸੀ ਕਿ ਉਹ ਮੌਤ ਦੀ ਸਜ਼ਾ ਪਾਏ ਜਾਧਵ ਨੂੰ ਰਿਹਾਅ ਕਰਾਉਣ ਲਈ ਇਸਲਾਮਾਬਾਦ ਨੂੰ 'ਗੈਰ ਰਸਮੀ ਮਾਧਿਅਮ' ਨਾਲ ਮਨਾ ਲੈਣਗੇ। ਭਾਰਤੀ ਨੇਵੀ ਦੇ 49 ਸਾਲਾ ਰਿਟਾਇਰਡ ਅਧਿਕਾਰੀ ਨੂੰ ਪਾਕਿਸਤਾਨ ਦੀ ਇਕ ਮਿਲਟਰੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਕੁਝ ਹਫਤੇ ਬਾਅਦ ਭਾਰਤ ਨੇ ਜਾਧਵ ਨੂੰ ਡਿਪਲੋਮੈਟਿਕ ਪਹੁੰਚ ਦੇਣ ਤੋਂ ਇਨਕਾਰ ਕਰਨ ਅਤੇ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿਚ ਚੁਣੌਤੀ ਦਿੱਤੀ ਸੀ।

ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ ਵਿਚ ਜਾਧਵ ਮਾਮਲੇ ਵਿਚ ਭਾਰਤ ਦੇ ਮੁੱਖ ਵਕੀਲ ਹਰੀਸ਼ ਸਾਲਵੇ ਸਨ। ਆਈ.ਸੀ.ਜੇ. ਨੇ ਪਿਛਲੇ ਸਾਲ ਜੁਲਾਈ ਮਹੀਨੇ ਫੈਸਲਾ ਦਿੱਤਾ ਸੀ ਕਿ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ 'ਤੇ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਕੀਤੇ ਡਿਪਲੋਮੈਟਿਕ ਪਹੁੰਚ ਮੁਹੱਈਆ ਕਰਾਉਣੀ ਚਾਹੀਦੀ ਹੈ। ਸਾਲਵੇ ਨੇ 3 ਮਈ ਨੂੰ ਲੰਡਨ ਤੋਂ ਆਨਲਾਈਨ ਗੱਲ ਕਰਦਿਆਂ ਕਿਹਾ,''ਸਾਨੂੰ ਆਸ ਸੀ ਕਿ ਅਸੀ ਗੈਰ ਰਸਮੀ ਮਾਧਿਅਮ ਨਾਲ ਪਾਕਿਸਤਾਨ ਨੂੰ ਉਹਨਾਂ ਨੂੰ ਛੱਡਣ ਲਈ ਮਨਾ ਲਵਾਂਗੇ। ਜੇਕਰ ਉਹ ਮਨੁੱਖੀ ਆਧਾਰ ਜਾਂ ਕੁਝ ਹੋਰ ਆਧਾਰ 'ਤੇ ਕਹਿਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਦੀ ਵਾਪਸੀ ਚਾਹੁੰਦੇ ਹਾਂ। ਅਸੀਂ ਕਿਹਾ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਇਹ ਪਾਕਿਸਤਾਨ ਵਿਚ ਹਉਮੈ ਇਕ ਵੱਡਾ ਕਾਰਨ ਬਣ ਗਿਆ ਹੈ। ਇਸ ਲਈ ਸਾਨੂੰ ਆਸ ਸੀ ਕਿ ਉਹ ਉਹਨਾਂ ਨੂੰ ਜਾਣ ਦੇਣਗੇ ਪਰ ਉਹਨਾਂ ਨੇ ਨਹੀਂ ਛੱਡਿਆ।''

ਸਾਲਵੇ ਦੀ ਟਿੱਪਣੀ 'ਤੇ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਦਫਤਰ ਦੀ ਬੁਲਾਰਨ ਆਈਸ਼ਾ ਫਾਰੂਕੀ ਨੇ ਕਿਹਾ ਕਿ ਜਾਧਵ ਮਾਮਲੇ ਵਿਚ ਭਾਰਤ ਦੇ ਵਕੀਲ ਦੇ ਬਿਆਨਾਂ 'ਤੇ ਇਸਲਾਮਾਬਾਦ ਨੇ ਵਿਚਾਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਲਵੇ ਨੇ ਵਾਪਸ ਆਈ.ਸੀ.ਜੇ. ਦਾ ਦਰਵਾਜਾ ਖੜਕਾਉਣ ਦੀ ਗੱਲ ਕਹਿ ਕੇ ਕੁਝ ਅਜਿਹੇ ਬਿਆਨ ਦਿੱਤੇ ਹਨ ਜੋ ਮਾਮਲੇ ਦੇ ਤੱਥਾਂ ਦੇ ਉਲਟ ਹਨ। ਫਾਰੂਕੀ ਨੇ ਕਿਹਾ,''ਅਸੀਂ ਭਾਰਤ ਦੇ ਵਕੀਲ ਦੇ ਬੇਬੁਨਿਆਦ ਅਤੇ ਗਲਤ ਕਥਨ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹਾਂ ਕਿ ਪਾਕਿਸਾਤਾਨ ਨੇ ਮਾਮਲੇ ਵਿਚ ਆਈ.ਸੀ.ਜੇ. ਦੇ ਫੈਸਲੇ ਦੀ ਪਾਲਣਾ ਨਹੀਂ ਕੀਤੀ ਹੈ। ਪਾਕਿਸਤਾਨ ਨੇ ਫੈਸਲੇ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਹੈ ਅਤੇ ਮਾਮਲਾ ਜਿਵੇਂ-ਜਿਵੇਂ ਅੱਗੇ ਵਧੇਗਾ ਉਹ ਉਸੇ ਤਰ੍ਹਾਂ ਨਾਲ ਪਾਲਣਾ ਕਰਦੇ ਰਹਿਣਗੇ।''

ਪੜ੍ਹੋ ਇਹ ਅਹਿਮ ਖਬਰ- 1793 ਭਾਰਤੀ ਅਮਰੀਕਾ ਦੀਆਂ 95 ਜੇਲਾਂ 'ਚ ਅਜੇ ਵੀ ਨਜ਼ਰਬੰਦ : ਸਤਨਾਮ ਸਿੰਘ ਚਾਹਲ

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜਾਧਵ ਨੂੰ ਭਾਰਤੀ ਡਿਪਲੋਮੈਟਿਕ ਪਹੁੰਚ ਦੀ ਮਨਜ਼ੂਰੀ ਦਿੱਤੀ ਅਤੇ ਆਈ.ਸੀ.ਜੇ. ਦੇ ਫੈਸਲੇ ਦੇ ਮੁਤਾਬਕ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਦੇ ਉਪਾਆਂ ਦੀ ਪ੍ਰਕਿਰਿਆ ਕਰ ਰਿਹਾ ਹੈ। ਬੁਲਾਰਨ ਨੇ ਕਿਹਾ ਕਿ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਪਾਕਿਸਤਾਨ ਸਾਰੇ ਅੰਤਰਰਾਸ਼ਟਰੀ ਫਰਜ਼ਾਂ ਨਾਲ ਬੰਨ੍ਹਿਆ ਹੋਇਆ ਹੈ। ਉਹਨਾਂ ਨੇ ਕਿਹਾ,''ਇਹ ਦੁਖਦਾਈ ਹੈ ਕਿ ਸਾਲਵੇ ਨੇ ਅਜਿਹੇ ਬਿਆਨ ਦਿੱਤੇ ਜੋ ਗਲਤ ਹਨ ਅਤੇ ਤਥਾਤਮਕ ਰੂਪ ਨਾਲ ਗਲਤ ਹਨ।''


Vandana

Content Editor

Related News