ਵਨ ਵੇਅ ਹੋਵੇਗਾ ਕਰਤਾਰਪੁਰ ਕਾਰੀਡੋਰ, ਪਾਕਿ ਨੇ ਦੱਸੇ ਨਿਯਮ

Friday, Dec 07, 2018 - 11:32 AM (IST)

ਵਨ ਵੇਅ ਹੋਵੇਗਾ ਕਰਤਾਰਪੁਰ ਕਾਰੀਡੋਰ, ਪਾਕਿ ਨੇ ਦੱਸੇ ਨਿਯਮ

ਇਸਲਾਮਾਬਾਦ (ਬਿਊਰੋ)— ਕਰਤਾਰਪੁਰ ਕਾਰੀਡੋਰ 'ਤੇ ਪਾਕਿਸਤਾਨੀ ਫੌਜ ਨੇ ਨਵਾਂ ਫੁਰਮਾਨ ਜਾਰੀ ਕੀਤਾ ਹੈ। ਇਸ ਫੁਰਮਾਨ ਮੁਤਾਬਕ ਕਾਰੀਡੋਰ ਵਨਵੇਅ ਹੋਵੇਗਾ। ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਕਾਰੀਡੋਰ ਇਕ ਪਾਸੜ ਹੋਵੇਗਾ। ਪਾਕਿਸਤਾਨ ਫੌਜ ਦੇ ਇਸ ਫੈਸਲੇ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਸਿੱਖ ਇਸ ਕਾਰੀਡੋਰ ਦੀ ਵਰਤੋਂ ਕਰ ਭਾਰਤ ਨਹੀਂ ਆ ਸਕਣਗੇ। ਇਸ ਦੇ ਇਲਾਵਾ ਕਰਤਾਰਪੁਰ ਜਾਣ ਵਾਲੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਅੰਦਰ ਹੀ ਰਹਿਣਾ ਹੋਵੇਗਾ। ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਕਾਰੀਡੋਰ ਦੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਪਾਕਿਸਤਾਨ ਫੌਜ ਮੁਤਾਬਕ ਕਾਰੀਡੋਰ ਨੂੰ ਬਣਾਉਣ ਵਿਚ 6 ਮਹੀਨੇ ਦਾ ਸਮਾਂ ਲੱਗੇਗਾ। ਕਾਰੀਡੋਰ ਤਿਆਰ ਹੋ ਜਾਣ ਮਗਰੋਂ ਇਕ ਦਿਨ ਵਿਚ 4 ਹਜ਼ਾਰ ਸਿੱਖ ਸ਼ਰਧਾਲੂ ਰੋਜ਼ਾਨਾ ਇੱਥੇ ਆ ਸਕਣਗੇ। ਮੇਜਰ ਜਨਰਲ ਆਸਿਫ ਗਫੂਰ ਨੇ ਭਾਰਤੀ ਮੀਡੀਆ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਮੀਡੀਆ ਨੇ ਨਕਾਰਤਾਮਕ ਰੂਪ ਨਾਲ ਪੇਸ਼ ਕੀਤਾ।

ਪਾਕਿਸਤਾਨੀ ਫੌਜ ਦੇ ਬਿਆਨ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਟਿੱਪਣੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਬਦਕਿਮਸਤੀ ਹੈ ਕਿ ਆਸਥਾ ਨਾਲ ਜੁੜੇ ਇਸ ਮੁੱਦੇ 'ਤੇ ਪਾਕਿਸਤਾਨ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਰਤਾਰਪੁਰ ਕਾਰੀਡੋਰ 'ਤੇ ਪਾਕਿਸਤਾਨ ਨੇ ਜੋ ਵਾਅਦਾ ਕੀਤਾ ਹੈ ਉਹ ਉਸ ਨੂੰ ਪੂਰਾ ਕਰੇਗਾ। ਉੱਧਰ ਕਰਤਾਰਪੁਰ ਕਾਰੀਡੋਰ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਧਿਕਾਰਕ ਪ੍ਰਤੀਕਿਰਿਆ ਦਿੱਤੀ ਹੈ।


author

Vandana

Content Editor

Related News