ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਅੱਤਵਾਦੀ ਹਮਲਾ, ਫੌਜੀ ਦੀ ਮੌਤ ਤੇ 5 ਜ਼ਖਮੀ
Sunday, Apr 12, 2026 - 04:27 PM (IST)
ਪੇਸ਼ਾਵਰ : ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਵੱਖ-ਵੱਖ ਹਮਲਿਆਂ 'ਚ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਪੁਲਸ ਅਨੁਸਾਰ ਇਹ ਘਟਨਾ ਬੰਨੂ ਜ਼ਿਲ੍ਹੇ ਦੇ ਇੱਕ ਡਿਗਰੀ ਕਾਲਜ ਦੇ ਨੇੜੇ ਸੁਰੱਖਿਆ ਚੌਕੀ ਕੋਲ ਵਾਪਰੀ।
ਅਣਪਛਾਤੇ ਅੱਤਵਾਦੀਆਂ ਨੇ ਵੀਰਵਾਰ ਦੇਰ ਰਾਤ ਇਕ ਆਈ.ਈ.ਡੀ. (IED) ਧਮਾਕਾ ਕੀਤਾ। ਇਸ ਧਮਾਕੇ 'ਚ ਇਕ ਫੌਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚ ਇਕ ਨਾਗਰਿਕ ਵੀ ਸ਼ਾਮਲ ਹੈ। ਧਮਾਕੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਦੋਸ਼ੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਮੁਲਾਜ਼ਮ ਦਾ ਅਗਵਾ ਤੇ ਕਤਲ
ਇਸੇ ਦੌਰਾਨ ਇਕ ਹੋਰ ਘਟਨਾ 'ਚ, ਪੇਸ਼ਾਵਰ ਤੋਂ ਲਗਭਗ 30 ਕਿਲੋਮੀਟਰ ਦੂਰ ਹਸਨ ਖੇਲ ਇਲਾਕੇ ਵਿੱਚ ਅੱਤਵਾਦੀਆਂ ਨੇ ਇਕ ਪੁਲਸ ਮੁਲਾਜ਼ਮ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਉਸ ਦੀ ਲਾਸ਼ ਸ਼ਨੀਵਾਰ ਦੇਰ ਰਾਤ ਖੁੱਲ੍ਹੇ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
