ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ ਸੁਣਾਇਆ ਅਨੋਖਾ ਫੈਸਲਾ
Saturday, Apr 04, 2026 - 08:52 PM (IST)
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਅਜੀਬੋ-ਗਰੀਬ ਫੈਸਲਾ ਲੈਂਦਿਆਂ ਪਸ਼ੂਆਂ ਦੇ ਗੋਬਰ 'ਤੇ ਟੈਕਸ ਲਗਾ ਦਿੱਤਾ ਹੈ। ਇਸ ਨਵੇਂ ਫੈਸਲੇ ਅਨੁਸਾਰ, ਹੁਣ ਪਸ਼ੂ ਪਾਲਕਾਂ ਨੂੰ ਹਰ ਗਾਂ ਜਾਂ ਮੱਝ ਦੇ ਹਿਸਾਬ ਨਾਲ ਰੋਜ਼ਾਨਾ 30 ਪਾਕਿਸਤਾਨੀ ਰੁਪਏ (PKR) 'ਗੋਬਰ ਟੈਕਸ' ਦੇਣਾ ਪਵੇਗਾ।
168 ਪਸ਼ੂ ਕਲੋਨੀਆਂ 'ਤੇ ਲਾਗੂ ਹੋਵੇਗਾ ਫੈਸਲਾ
ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਟੈਕਸ ਪੰਜਾਬ ਦੀਆਂ 168 ਨਿਰਧਾਰਤ ਪਸ਼ੂ ਕਲੋਨੀਆਂ 'ਚ ਲਾਗੂ ਕੀਤਾ ਗਿਆ ਹੈ। ਇਸ 'ਚ ਲਾਹੌਰ ਦੇ ਪ੍ਰਮੁੱਖ ਖੇਤਰ ਜਿਵੇਂ ਕਿ ਹਰਬੰਸਪੁਰਾ ਅਤੇ ਗੁੱਜਰਪੁਰਾ ਵੀ ਸ਼ਾਮਲ ਹਨ। ਸਰਕਾਰੀ ਅਧਿਕਾਰੀਆਂ ਨੇ ਇਸ ਨੂੰ 'ਸੁਥਰਾ ਪੰਜਾਬ' ਮੁਹਿੰਮ ਦੇ ਤਹਿਤ ਇੱਕ 'ਸੇਵਾ ਫੀਸ' ਦੱਸਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਕੱਠੇ ਕੀਤੇ ਗਏ ਗੋਬਰ ਦੀ ਵਰਤੋਂ ਸਾਫ਼ ਊਰਜਾ (clean energy) ਪੈਦਾ ਕਰਨ ਲਈ ਕੀਤੀ ਜਾਵੇਗੀ।
ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ
ਇਸ ਫੈਸਲੇ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਅਤੇ ਚੁਟਕਲਿਆਂ ਦਾ ਹੜ੍ਹ ਆ ਗਿਆ ਹੈ। ਲੋਕਾਂ ਨੇ ਸਰਕਾਰ ਦੇ ਇਸ ਕਦਮ ਦਾ ਜੰਮ ਕੇ ਮਜ਼ਾਕ ਉਡਾਇਆ। ਕੁਝ ਉਪਭੋਗਤਾਵਾਂ ਨੇ ਵਿਅੰਗ ਕਰਦਿਆਂ ਕਿਹਾ ਕਿ ਜਲਦੀ ਹੀ ਸਰਕਾਰ ਇਨਸਾਨੀ ਮਲ-ਮੂਤਰ 'ਤੇ ਵੀ ਟੈਕਸ ਲਗਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀ ਸੁਝਾਅ ਦਿੱਤੇ ਗਏ ਕਿ ਇਹ ਟੈਕਸ ਨੇਤਾਵਾਂ ਦੇ 'ਗੋਬਰ ਨਾਲ ਭਰੇ ਦਿਮਾਗਾਂ' 'ਤੇ ਲਗਾਇਆ ਜਾਣਾ ਚਾਹੀਦਾ ਹੈ। ਪਾਕਿਸਤਾਨੀ ਅਦਾਕਾਰਾ ਤੇ ਕਾਮੇਡੀਅਨ ਮਿਸ਼ੀ ਖਾਨ ਨੇ ਵੀ ਇਸ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ।
ਆਰਥਿਕ ਬੋਝ ਵਧਣ ਦਾ ਖਦਸ਼ਾ
ਭਾਵੇਂ ਸਰਕਾਰ ਇਸ ਨੂੰ ਵਾਤਾਵਰਣ ਪੱਖੀ ਕਦਮ ਦੱਸ ਰਹੀ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਛੋਟੇ ਡੇਅਰੀ ਫਾਰਮਰਾਂ ਅਤੇ ਪਸ਼ੂ ਪਾਲਕਾਂ 'ਤੇ ਆਰਥਿਕ ਬੋਝ ਵਧੇਗਾ। ਵਿਰੋਧੀ ਧਿਰਾਂ ਨੇ ਇਸ ਨੂੰ ਵਾਤਾਵਰਣ ਦੀ ਆੜ ਵਿੱਚ ਜਨਤਾ ਤੋਂ ਪੈਸੇ ਵਸੂਲਣ ਦਾ ਇੱਕ ਹੋਰ ਤਰੀਕਾ ਦੱਸਿਆ ਹੈ। ਇਕ ਅੰਦਾਜ਼ੇ ਮੁਤਾਬਕ, ਜੇਕਰ ਕਿਸੇ ਕੋਲ 10 ਪਸ਼ੂ ਹਨ, ਤਾਂ ਉਸ ਨੂੰ ਸਾਲਾਨਾ 11,000 ਪਾਕਿਸਤਾਨੀ ਰੁਪਏ ਤੋਂ ਵੱਧ ਦਾ ਟੈਕਸ ਭਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
