ਪਾਕਿਸਤਾਨ ਨੇ PTM ਮੁਖੀ ਮੰਜ਼ੂਰ ਅਹਿਮਦ ''ਤੇ ਲਗਾਈ ਪਾਬੰਦੀ
Thursday, Dec 23, 2021 - 02:19 PM (IST)
ਮੁਜ਼ੱਫਰਾਬਾਦ (ਬਿਊਰੋ): ਪਸ਼ਤੂਨ ਤਹਾਫੁਜ਼ ਮੂਵਮੈਂਟ (ਪੀਟੀਐਮ) ਦੇ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਮੰਜ਼ੂਰ ਅਹਿਮਦ ਪਸ਼ਤੀਨ ਦੇ ਮਕਬੂਜ਼ਾ ਕਸ਼ਮੀਰ ਮਤਲਬ ਪੀਓਕੇ ਵਿੱਚ ਦਾਖਲ ਹੋਣ ਤੋਂ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗ੍ਰਹਿ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਹਿਮਦ 'ਤੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਭਾਸ਼ਣ ਦੇਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਤਿੰਨ ਮਹੀਨੇ ਲਈ ਲਗਾਈ ਪਾਬੰਦੀ
ਪੀਓਕੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ‘ਪਬਲਿਕ ਆਰਡਰ ਐਕਟ, 1985’ ਦੀ ਧਾਰਾ 5 ਤਹਿਤ ਤੁਰੰਤ ਪ੍ਰਭਾਵ ਨਾਲ ਅਹਿਮਦ ‘ਤੇ ਤਿੰਨ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ।ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੋਟਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਤਹਿਰੀਕ-ਏ-ਜਵਾਨਨ-ਕਸ਼ਮੀਰ ਨਾਂ ਦੀ ਅਣਪਛਾਤੀ ਜਥੇਬੰਦੀ ਦੇ ਕੁਝ ਕਾਰਕੁਨਾਂ ਨੇ ਪੀਓਕੇ ਸਰਕਾਰ ਤੋਂ ਅਹਿਮਦ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਅਹਿਮਦ 'ਤੇ ਇਸ ਪਾਬੰਦੀ ਨੂੰ ਮੁੱਦਾ ਬਣਾਉਂਦੇ ਹੋਏ ਪਾਕਿਸਤਾਨ ਦੀ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਪੀਓਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪੀਓਕੇ ਦੇ ਸਾਬਕਾ ਸੂਚਨਾ ਮੰਤਰੀ ਮੁਸ਼ਤਾਕ ਮਿਨਹਾਸ ਨੇ ਟਵੀਟ ਕੀਤਾ ਕਿ ਅਸੀਂ ਕਸ਼ਮੀਰ ਵਿੱਚ ਮੰਜ਼ੂਰ ਪਸ਼ਤੀਨ ਦੇ ਦਾਖਲ ਹੋਣ ਅਤੇ ਭਾਸ਼ਣ 'ਤੇ ਪਾਬੰਦੀ ਲਗਾਉਣ ਲਈ ਪੀਟੀਆਈ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹਾਂ। ਪ੍ਰਗਟਾਵੇ ਅਤੇ ਭਾਸ਼ਣ ਦੀ ਆਜ਼ਾਦੀ 'ਤੇ ਪਾਬੰਦੀ ਲਗਾਉਣਾ ਇੱਕ ਫਾਸ਼ੀਵਾਦੀ ਪ੍ਰਥਾ ਹੈ। ਮੰਜ਼ੂਰ ਪਸ਼ਤੀਨ! ਅਸੀਂ ਸ਼ਰਮਿੰਦਾ ਹਾਂ।"
ਇਕ ਰਿਪੋਰਟ ਮੁਤਾਬਕ ਵਿਰੋਧੀ ਪਾਰਟੀ ਦੇ ਕਈ ਕਾਰਕੁਨਾਂ ਨੇ ਸੋਸ਼ਲ ਮੀਡੀਆ 'ਤੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੀ ਵੀ ਆਲੋਚਨਾ ਕੀਤੀ ਹੈ। ਪੀਐਮਐਲ-ਐਨ ਕਾਰਕੁਨ ਨਸੀਰਾ ਖਾਨ ਸੁਧੋਜਈ ਨੇ ਕਿਹਾ ਕਿ ਮੰਜ਼ੂਰ ਪਸ਼ਤੀਨ ਲੱਖਾਂ ਲੋਕਾਂ ਦੀ ਆਵਾਜ਼ ਹੈ। ਪੀਓਕੇ ਵਿੱਚ ਉਸ ਦੇ ਦਾਖਲੇ 'ਤੇ ਪਾਬੰਦੀ ਲਗਾਉਣਾ ਤੁਗਲਕੀ ਫ਼ਰਮਾਨ ਹੈ, ਅਸੀਂ ਇਸਦਾ ਵਿਰੋਧ ਕਰਦੇ ਹਾਂ।
ਪੜ੍ਹੋ ਇਹ ਅਹਿਮ ਖਬਰ -JUI-F ਮੁਖੀ ਅਫਗਾਨਿਸਤਾਨ 'ਚ ਤਾਲਿਬਾਨ ਦਾ ਕਰੇਗਾ ਸਮਰਥਨ
ਜਾਣੋ ਮੰਜ਼ੂਰ ਅਹਿਮਦ ਬਾਰੇ
ਪਸ਼ਤੂਨ ਤਹਾਫੁਜ਼ ਮੂਵਮੈਂਟ (PTM) ਦਾ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਮੰਜ਼ੂਰ ਅਹਿਮਦ ਪਸ਼ਤੀਨ 25 ਸਾਲਾ ਨੌਜਵਾਨ ਹੈ। ਉਹ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਪੁੱਤਰ ਹੈ, ਜੋ ਪਸ਼ਤੂਨ ਲੋਕਾਂ ਦੀਆਂ ਸਮੱਸਿਆਵਾਂ ਲਈ ਲਗਾਤਾਰ ਆਵਾਜ਼ ਉਠਾਉਂਦਾ ਰਿਹਾ ਹੈ। ਪਸ਼ਤੂਨਾਂ ਨੂੰ ਪਠਾਨ ਵੀ ਕਿਹਾ ਜਾਂਦਾ ਹੈ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਰਹਿਣ ਵਾਲਾ ਇੱਕ ਨਸਲੀ ਸਮੂਹ ਹੈ। ਪਾਕਿਸਤਾਨ ਵਿੱਚ ਪਸ਼ਤੂਨਾਂ ਦੀ ਆਬਾਦੀ 3 ਕਰੋੜ ਦੇ ਕਰੀਬ ਹੈ, ਜੋ ਦੇਸ਼ ਦੀ ਕੁੱਲ ਆਬਾਦੀ ਦਾ 15 ਫੀਸਦੀ ਹੈ।