ਅਫਗਾਨਿਸਤਾਨ ’ਚ ਪਾਕਿ ਦੀ ਬੇਇੱਜ਼ਤੀ, ਸੰਸਦੀ ਵਫ਼ਦ ਨੂੰ ਨਹੀਂ ਮਿਲੀ ਲੈਂਡਿੰਗ ਦੀ ਇਜਾਜ਼ਤ

04/12/2021 2:32:57 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਨੂੰ ਅਫਗਾਨਿਸਤਾਨ ’ਚ ਉਸ ਸਮੇਂ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇਕ ਪਾਕਿਸਤਾਨੀ ਸੰਸਦੀ ਵਫਦ ਨੂੰ ਲੈਂਡਿੰਗ ਤੋਂ ਮਨ੍ਹਾ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਅਨੁਸਾਰ, ਜਿਵੇਂ ਹੀ ਜਹਾਜ਼ ਕਾਬੁਲ ’ਚ ਉਤਰਨ ਵਾਲਾ ਸੀ, ਸੁਰੱਖਿਆ ਖਤਰੇ ਕਾਰਨ ਯਾਤਰਾ ਰੱਦ ਕਰ ਦਿੱਤੀ ਗਈ ਅਤੇ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਫਗਾਨਿਸਤਾਨ ਲਈ ਪਾਕਿਸਤਾਨ ਦੇ ਵਿਸ਼ੇਸ਼ ਪ੍ਰਤੀਨਿਧੀ ਮੁਹੰਮਦ ਸਾਦਿਕ ਨੇ ਵੀਰਵਾਰ ਇਕ ਟਵੀਟ ’ਚ ਲਿਖਿਆ, ‘‘ਕਾਬੁਲ ਲਈ ਸਪੀਕਰ ਦੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਸੁਰੱਖਿਆ ਖਤਰੇ ਕਾਰਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ। ਹਵਾਈ ਅੱਡੇ ਦੇ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਜਹਾਜ਼ ਉਤਰਨ ਵਾਲਾ ਸੀ। ਯਾਤਰਾ ਲਈ ਨਵੀਆਂ ਤਰੀਕਾਂ ਦਾ ਫੈਸਲਾ ਆਪਸੀ ਵਿਚਾਰ-ਵਟਾਂਦਰੇ ਮਗਰੋਂ ਕੀਤਾ ਜਾਵੇਗਾ।’’

ਮੀਡੀਆ ਰਿਪੋਰਟਾਂ ਅਨੁਸਾਰ ਸੰਸਦੀ ਸਕੱਤਰ ਅਸਦ ਕ਼ੈਸਰ ਦੀ ਅਗਵਾਈ ’ਚ ਪੰਜ ਮੈਂਬਰੀ ਸੰਸਦੀ ਵਫਦ ਤਿੰਨ ਦਿਨਾ ਯਾਤਰਾ ਲਈ ਅਫਗਾਨਿਸਤਾਨ ਜਾਣ ਵਾਲਾ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਣ ਵਾਲੀ ਸੀ। ਹਾਲਾਂਕਿ ਸਾਬਕਾ ਪਾਕਿਸਤਾਨੀ ਸੀਨੇਟਰ ਫਰਹਤੁੱਲਾਹ ਬਾਬਰ ਨੇ ਯਾਤਰਾ ਦੇ ਰਹੱਸਮਈ ਤਰੀਕੇ ਨਾਲ ਰੱਦ ਹੋਣ ਦੇ ਸਮੇਂ ’ਤੇ ਸਵਾਲ ਚੁੱਕਿਆ ਹੈ।

ਬਾਬਰ ਨੇ ਇਕ ਟਵੀਟ ’ਚ ਕਿਹਾ, ‘‘ਲੈਂਡਿੰਗ ਦੇ ਸਮੇਂ ਸੁਰੱਖਿਆ ਦਾ ਖਤਰਾ ਪੈਦਾ ਹੋ ਗਿਆ ਸੀ। ਕੀ ਯਾਤਰਾ ਤੋਂ ਪਹਿਲਾਂ ਇਜਾਜ਼ਤ ਨਹੀਂ ਮਿਲੀ ਸੀ ? ਯਾਤਰਾ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਸੀ, ਨਵੀਂ ਤਰੀਕ ਦਿੱਤੀ ਗਈ। ਇਸ ਲਈ ਮੇਜ਼ਬਾਨਾਂ ਵਲੋਂ ਕੋਈ ਪਛਤਾਵਾ ਨਹੀਂ ਪ੍ਰਗਟ ਕੀਤਾ ਗਿਆ। ਯਾਤਰਾ ਰੱਦ ਕਰਨ ਦਾ ਫੈਸਲਾ ਟਾਵਰ ਆਪ੍ਰੇਟਰ ਦੱਸਿਆ ਗਿਆ। ਟਾਵਰ ਤੋਂ ਮਹਿਮਾਨ ਲਈ ਬੋਲਣ ਵਾਲੇ ਮੇਜ਼ਬਾਨ ਦੇ ਉੱਚ ਪੱਧਰੀ ਪ੍ਰਤੀਨਿਧੀ ਦੇ ਸਮਾਨ ਪ੍ਰੋਟੋਕਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ’ਚ ਹੋਰ ਵੀ ਬਹੁਤ ਕੁਝ ਹੈ।’’


Anuradha

Content Editor

Related News