ਪਾਕਿਸਤਾਨ 'ਚ ਵੀ ਹੈ ਸ਼ਕਤੀਪੀਠ ਮੰਦਰ, ਹਿੰਦੂ-ਮੁਸਲਿਮ ਮਿਲ ਕੇ ਕਰਦੇ ਨੇ ਪੂਜਾ

10/17/2018 3:30:52 PM

ਕਰਾਚੀ— ਪੂਰੇ ਭਾਰਤ 'ਚ ਨਰਾਤੇ ਅਤੇ ਦੁਸਹਿਰਾ ਮਨਾਇਆ ਜਾ ਰਿਹਾ ਹੈ। ਸਿਰਫ ਭਾਰਤ ਹੀ ਨਹੀਂ ਸਗੋਂ ਸਰਹੱਦ ਪਾਰ ਵੀ ਨਰਾਤੇ ਅਤੇ ਦੁਸਹਿਰਾ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਾਕਿਸਤਾਨ 'ਚ ਲਗਭਗ 34 ਲੱਖ ਤੋਂ ਵਧੇਰੇ ਹਿੰਦੂ ਰਹਿੰਦੇ ਹਨ।
ਪਾਕਿਸਤਾਨ 'ਚ ਹਿੰਗਲਾਜ ਮਾਤਾ ਰਾਣੀ ਦਾ ਮੰਦਰ ਹੈ, ਜਿਸ ਨੂੰ ਹਿੰਗੁਲਾ ਦੇਵੀ ਜਾਂ ਨਾਨੀ ਮੰਦਰ ਵੀ ਕਹਿੰਦੇ ਹਨ। ਇਹ ਮੰਦਰ ਪਾਕਿਸਤਾਨ ਦੇ ਬਲੋਚਿਸਤਾਨ ਦੀ ਰਾਜਧਾਨੀ ਕਰਾਚੀ ਤੋਂ 120 ਕਿਲੋ ਮੀਟਰ ਦੀ ਦੂਰੀ ਉੱਤੇ ਪੱਛਮ ਵੱਲ ਹਿੰਗੋਲ ਨਦੀ ਦੇ ਕੰਡੇ ਸਥਿਤ ਹੈ। ਇਹ 51 ਸ਼ਕਤੀਪੀਠਾਂ 'ਚੋਂ ਇਕ ਹੈ, ਜਿਸ ਦੀ ਸਾਂਭ-ਸੰਭਾਲ ਹਿੰਦੂ ਅਤੇ ਮੁਸਲਮਾਨ ਮਿਲ ਕੇ ਕਰਦੇ ਹਨ। ਇੱਥੇ 2-3 ਕਿਲੋਮੀਟਰ ਦੇ ਖੇਤਰ 'ਚ ਮੇਲੇ ਲੱਗਦੇ ਹਨ ਅਤੇ ਬਲੋਚਿਸਤਾਨ ਅਤੇ ਸਿੰਧ ਦੇ ਕਈ ਹਿੱਸਿਆਂ 'ਚੋਂ ਰੋਜ਼ਾਨਾ 8 ਤੋਂ 15 ਹਜ਼ਾਰ ਸ਼ਰਧਾਲੂ ਮੱਥਾ ਟੇਕਦੇ ਹਨ।

PunjabKesari
ਇਹ ਹੈ ਇਤਿਹਾਸ—
ਕਹਿੰਦੇ ਹਨ ਕਿ ਆਪਣੇ ਪਿਤਾ ਵਲੋਂ ਆਪਣੇ ਪਤੀ ਭਗਵਾਨ ਸ਼ੰਕਰ ਦੇ ਅਪਮਾਨ ਨੂੰ ਸਹਿਣ ਨਾ ਕਰਦਿਆਂ ਸਤੀ ਮਾਤਾ ਨੇ ਖੁਦ ਨੂੰ ਹਵਨ ਕੁੰਡ 'ਚ ਹੀ ਭਸਮ ਕਰ ਲਿਆ ਸੀ। ਉਸ ਸਮੇਂ ਗੁੱਸੇ 'ਚ ਆਏ ਭਗਵਾਨ ਸ਼ਿਵ ਨੇ ਮਾਤਾ ਸਤੀ ਦੀ ਦੇਹ ਨੂੰ ਚੁੱਕ ਲਿਆ ਸੀ ਅਤੇ ਉਹ ਦੁਨੀਆ ਦਾ ਚੱਕਰ ਕੱਢਣ ਲੱਗ ਗਏ। ਭਗਵਾਨ ਸ਼ਿਵ ਦਾ ਮੋਹ ਭੰਗ ਕਰਨ ਲਈ ਭਗਵਾਨ ਵਿਸ਼ਣੂ ਜੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸਤੀ ਮਾਤਾ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਸਨ ਅਤੇ ਜਿੱਥੇ-ਜਿੱਥੇ ਉਨ੍ਹਾਂ ਦੇ ਸਰੀਰ ਦੇ ਅੰਗ ਡਿਗੇ, ਉਨ੍ਹਾਂ ਸਥਾਨਾਂ ਨੂੰ ਸ਼ਕਤੀਪੀਠ ਕਿਹਾ ਗਿਆ। ਸਤੀ ਮਾਤਾ ਦਾ ਸਿਰ ਇਸ ਥਾਂ 'ਤੇ ਡਿੱਗਿਆ ਸੀ ਅਤੇ ਇਸ ਮੰਦਰ ਨੂੰ ਹਿੰਗਲਾਜ ਮੰਦਰ ਨਾਲ ਜਾਣਿਆ ਜਾਂਦਾ ਹੈ।

ਇੱਥੇ ਮਾਤਾ ਰਾਣੀ ਦੇ ਸ਼ਰਧਾਲੂ ਹਰ ਰੋਜ਼ ਪੂਜਾ ਕਰਨ ਪੁੱਜਦੇ ਹਨ। ਇਸ ਦਾ ਰਸਤਾ ਕਾਫੀ ਮੁਸ਼ਕਲ ਹੈ ਅਤੇ ਲੋਕ ਉੱਚੇ-ਉੱਚੇ ਪਹਾੜਾਂ ਨੂੰ ਲੰਘ ਕੇ ਕਾਫੀ ਮੁਸ਼ਕਲ ਨਾਲ ਇੱਥੇ ਪੁੱਜਦੇ ਹਨ। ਰਸਤੇ 'ਚ ਮਿੱਠੇ ਪਾਣੀ ਦੇ 4 ਖੂਹ ਆਉਂਦੇ ਹਨ, ਜਿਸ ਦਾ ਪਵਿੱਤਰ ਪਾਣੀ ਲੋਕ ਪੀਂਦੇ ਹਨ। ਅਮਰੀਕਾ ਤੇ ਬ੍ਰਿਟੇਨ ਤੋਂ ਵੀ ਲੋਕ ਇੱਥੇ ਪੁੱਜਦੇ ਹਨ। ਸਭ ਤੋਂ ਵੱਡੇ ਪੱਧਰ 'ਤੇ ਕਰਾਚੀ 'ਚ ਨਰਾਤੇ ਮਨਾਏ ਜਾਂਦੇ ਹਨ। ਇੱਥੇ 163 ਸਾਲ ਪੁਰਾਣੇ ਸ਼੍ਰੀ ਸਵਾਮੀ ਨਾਰਾਇਣ ਮੰਦਰ 'ਚ ਨਰਾਤਿਆਂ ਦੀ ਧੂਮ ਹੁੰਦੀ ਹੈ। ਇੱਥੇ ਵੀ ਗਰਬਾ, ਰਾਮ ਲੀਲਾ ਅਤੇ ਹੋਰ ਧਾਰਮਿਕ ਸਮਾਗਮ ਮਨਾਏ ਜਾਂਦੇ ਹਨ।


Related News