ਪਾਕਿ ''ਚ ਹਿੰਦੂਆਂ ਦੀ ਦਰਿਆਦਿਲੀ, ਮੰਦਰ ਤੋੜਨ ਵਾਲੇ ਦੋਸ਼ੀਆਂ ਨੂੰ ਕੀਤਾ ਮੁਆਫ
Sunday, Mar 14, 2021 - 06:12 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਨੇ ਦਰਿਆਦਿਲੀ ਦਿਖਾਉਂਦੇ ਹੋਏ ਪਿਛਲੇ ਦਸੰਬਰ ਵਿਚ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਵਿਚ ਇਕ ਮੰਦਰ ਦੀ ਭੰਨਤੋੜ ਵਿਚ ਸ਼ਾਮਲ ਮੁਲਜ਼ਮਾਂ ਨੂੰ ਮੁਆਫ ਕਰਨ ਦਾ ਫ਼ੈਸਲਾ ਕੀਤਾ ਹੈ। ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਐਕਸਪ੍ਰੈਸ ਟ੍ਰਿਬਿਊਨ ਨੇ ਸ਼ਨੀਵਾਰ ਨੂੰ ਪੇਸ਼ਾਵਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ,“ਕਮਿਊਨਿਟੀ ਇੱਕ ਜਿਰਗਾ ਦੀਆਂ ਸਿਫਾਰਸ਼ਾਂ ਦੇ ਮੱਦੇਨਜ਼ਰ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰਾਉਣ ਲਈ ਸਹਾਇਤਾ ਮੁਹੱਈਆ ਕਰਵਾਏਗੀ।”
ਜ਼ਿਕਰਯੋਗ ਹੈ ਕਿ 30 ਦਸੰਬਰ, 2020 ਨੂੰ ਇੱਕ ਧਾਰਮਿਕ ਪਾਰਟੀ ਦੇ ਕੁਝ ਸਥਾਨਕ ਬਜ਼ੁਰਗਾਂ ਦੀ ਅਗਵਾਈ ਵਿਚ ਹਜ਼ਾਰਾਂ ਤੋਂ ਵੱਧ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਮੰਦਰ ਨੂੰ ਹਟਾਉਣ ਦੀ ਮੰਗ ਕਰਦਿਆਂ ਕਰਕ ਜ਼ਿਲੇ ਦੇ ਤੇਰੀ ਖੇਤਰ ਵਿਚ ਸਥਿਤ ਸ਼੍ਰੀ ਪਰਮਹੰਸ ਜੀ ਮਹਾਰਾਜ ਦੀ ਸਮਾਧੀ ਨੂੰ ਅੱਗ ਲਗਾ ਦਿੱਤੀ। ਅਸਲ ਵਿਚ ਇਹ ਮੰਦਰ 1920 ਤੋਂ ਪਹਿਲਾਂ ਬਣਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਮੁਸਲਿਮਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ : ਜੈਸਿੰਡਾ ਅਰਡਰਨ
ਜਨਵਰੀ ਵਿਚ, ਖੈਬਰ ਪਖਤੂਨਖਵਾ ਸਰਕਾਰ ਨੇ ਮੰਦਰ ਦੇ ਮੁੜ ਉਸਾਰੀ ਦੀ ਘੋਸ਼ਣਾ ਦੇ ਨਾਲ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਸੀ।ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਸੂਬਾਈ ਸਰਕਾਰ ਨੂੰ ਮੰਦਰ ਦੇ ਤੁਰੰਤ ਨਿਰਮਾਣ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ।ਸ਼ਨੀਵਾਰ ਨੂੰ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਅਤੇ ਇਮਰਾਨ ਦੀ ਪਾਰਟੀ ਦੇ ਸਾਂਸਦ ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਘਟਨਾ ਨੇ ਵਿਸ਼ਵ ਭਰ ਦੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਦੇਸ਼ ਦੀਆਂ ਹੋਰ ਘੱਟ ਗਿਣਤੀਆਂ ਨੂੰ ਡਰਾਇਆ ਹੈ, ਕਿਉਂਕਿ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਤਕ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿਚ ਤਕਰੀਬਨ ਨਾ ਦੇ ਬਰਾਬਰ ਸਨ। ਇਹ ਦੂਜੀ ਵਾਰ ਸੀ ਜਦੋਂ ਮੰਦਰ 'ਤੇ ਹਮਲਾ ਹੋਇਆ ਸੀ।ਇਸ ਨੂੰ 1997 ਵਿਚ ਢਾਹਿਆ ਗਿਆ ਸੀ ਅਤੇ ਫਿਰ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ 2015 ਵਿਚ ਦੁਬਾਰਾ ਬਣਾਇਆ ਗਿਆ ਸੀ।
ਹੁਣ ਇਸ ਮਾਮਲੇ ਵਿਚ ਸਾਰੇ ਦੋਸ਼ੀਆਂ ਨੇ ਮੰਦਰ 'ਤੇ ਹਮਲੇ ਦੇ ਸੰਬੰਧ ਵਿਚ ਲਿਖਤੀ ਮੁਆਫੀਨਾਮਾ ਦਿੱਤਾ ਹੈ। ਸਾਰਿਆਂ ਨੇ ਇਸੇ ਤਰ੍ਹਾਂ 1997 ਵਿਚ ਕੀਤੀ ਗਈ ਘਟਨਾ ਦੇ ਸੰਬੰਧ ਵਿਚ ਮੁਆਫੀ ਮੰਗੀ ਹੈ। ਅਜਿਹੇ ਮਾਮਲਿਆਂ 'ਤੇ ਹੋਣ ਵਾਲੀ ਵਾਰਤਾ ਨੂੰ ਜਿਰਗਾ ਕਹਿੰਦੇ ਹਨ। ਇਸ ਜਿਰਗਾ ਵਿਚ ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰ ਮਹਿਮੂਦ ਖਾਨ ਨੇ ਪ੍ਰਧਾਨਗੀ ਕੀਤੀ। ਇੱਥੇ ਤੈਅ ਹੋਇਆ ਕਿ ਮੁਆਫੀਨਾਮਾ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਛੱਡਣ ਦੀ ਅਪੀਲ ਕੀਤੀ ਜਾਵੇਗੀ। ਮੁਆਫੀਨਾਮੇ ਵਿਚ ਸਾਰੇ ਦੋਸ਼ੀਆਂ ਨੇ ਭਵਿੱਖ ਵਿਚ ਅਜਿਹੀ ਕਿਸੇ ਵੀ ਘਟਨਾ ਨੂੰ ਨਾ ਕਰਨ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਵੀ ਕਸਮ ਖਾਧੀ ਹੈ।