ਪਾਕਿਸਤਾਨ ਸਰਕਾਰ ਨੂੰ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਲਈ ਮਿਲੇ ਨਾਮ
Wednesday, Nov 23, 2022 - 01:23 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਜਾਰੀ ਅਨਿਸ਼ਚਿਚਤਾ ਦੇ ਬੱਦਲ ਹੁਣ ਸਾਫ਼ ਹੁੰਦੇ ਨਜ਼ਰ ਆ ਰਹੇ ਹਨ। ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੂੰ ਮੌਜੂਦਾ ਜਨਰਲ ਕਮਰ ਜਾਵੇਦ ਬਾਜਵਾ ਦੀ ਜਗ੍ਹਾ ਲੈਣ ਲਈ ਕਈ ਸੀਨੀਅਰ ਜਨਰਲਾਂ ਦੇ ਨਾਮ ਮਿਲੇ ਹਨ। ਜਨਰਲ ਬਾਜਵਾ (61) 3 ਸਾਲ ਦੇ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ। ਉਨ੍ਹਾਂ ਨੇ ਸੇਵਾ ਵਿਚ ਹੋਰ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ) ਨੇ ਟਵਿਟਰ 'ਤੇ ਇਕ ਸੰਖੇਪ ਬਿਆਨ ਵਿਚ ਕਿਹਾ, ਸਰਕਾਰ ਨੂੰ ਨਵੇਂ ਫ਼ੌਜ ਮੁਖੀ (ਸੀ.ਓ.ਏ.ਐੱਸ.) ਅਤੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ਼ ਕਮੇਟੀ (ਸੀ.ਜੇ.ਸੀ.ਐੱਸ.ਸੀ.) ਦੀ ਨਿਯੁਕਤੀ ਲਈ ਰੱਖਿਆ ਮੰਤਰਾਲਾ ਤੋਂ ਬਿਓਰਾ ਮਿਲਿਆ ਹੈ। ਬਿਆਨ ਮੁਤਾਬਕ 'ਪ੍ਰਕਿਰਿਆ ਤਹਿਤ ਪ੍ਰਧਾਨ ਮੰਤਰੀ ਨਿਯੁਕਤੀ ਸਬੰਧੀ ਫ਼ੈਸਲਾ ਕਰਨਗੇ।'
ਫੌਜ ਨੇ ਵੀ ਨਿਯੁਕਤੀਆਂ ਲਈ 6 ਚੋਟੀ ਦੇ ਲੈਫਟੀਨੈਂਟ ਜਨਰਲਾਂ ਦੇ ਨਾਂ ਭੇਜਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਫੌਜ ਨੇ ਉਨ੍ਹਾਂ ਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਮੰਨਿਆ ਜਾਂਦਾ ਹੈ ਕਿ ਲੈਫਟੀਨੈਂਟ ਜਨਰਲ ਆਸਿਮ ਮੁਨੀਰ (ਮੌਜੂਦਾ ਕੁਆਰਟਰ ਮਾਸਟਰ ਜਨਰਲ), ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ (ਕਮਾਂਡਰ 10 ਕੋਰ), ਲੈਫਟੀਨੈਂਟ ਜਨਰਲ ਅਜ਼ਹਰ ਅੱਬਾਸ (ਚੀਫ ਆਫ ਜਨਰਲ ਸਟਾਫ) ਲੈਫਟੀਨੈਂਟ ਜਨਰਲ ਨੋਮਾਨ ਮਹਿਮੂਦ (ਚੇਅਰਮੈਨ ਨੈਸ਼ਨਲ ਡਿਫੈਂਸ ਯੂਨੀਵਰਸਿਟੀ), ਲੈਫਟੀਨੈਂਟ ਜਨਰਲ ਫੈਜ਼ ਹਾਮਿਦ (ਕਮਾਂਡਰ ਬਹਾਵਲਪੁਰ ਕੋਰ) ਅਤੇ ਲੈਫਟੀਨੈਂਟ ਜਨਰਲ ਮੁਹੰਮਦ ਆਮਿਰ (ਕਮਾਂਡਰ ਗੁਜਰਾਂਵਾਲਾ ਕੋਰ) ਦੇ ਨਾਂ ਭੇਜੇ ਗਏ ਹਨ।
ਇਨ੍ਹਾਂ ਵਿੱਚੋਂ ਦੋ ਦੀ ਚੋਣ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ 29 ਨਵੰਬਰ ਤੋਂ ਪਹਿਲਾਂ ਸੀ.ਓ.ਏ.ਐੱਸ. ਅਤੇ ਸੀ.ਜੇ.ਸੀ.ਐੱਸ.ਸੀ. ਦੇ ਅਹੁਦਿਆਂ 'ਤੇ ਤਰੱਕੀ ਅਤੇ ਨਿਯੁਕਤੀ ਲਈ ਕੀਤੀ ਜਾਵੇਗੀ। ਸ਼ਰੀਫ ਰਾਸ਼ਟਰਪਤੀ ਆਰਿਫ ਅਲਵੀ ਨੂੰ ਸਾਰ ਭੇਜਣਗੇ ਜੋ ਨਿਯੁਕਤੀਆਂ ਬਾਰੇ ਸੂਚਿਤ ਕਰਨਗੇ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਗਲੇ ਫ਼ੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ 25 ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ।