ਮਰਦ-ਔਰਤ ਦੀ ਬਰਾਬਰੀ ''ਚ ਦੁਨੀਆ ''ਚ ਹੇਠਾਂ ਤੋਂ ਤੀਜੇ ਨੰਬਰ ''ਤੇ ਆਇਆ ਪਾਕਿਸਤਾਨ ! WEF ਨੇ ਜਾਰੀ ਕੀਤੀ ਰਿਪੋਰਟ
Saturday, Sep 19, 2026 - 05:04 PM (IST)
ਇੰਟਰਨੈਸ਼ਨਲ ਡੈਸਕ- ਅੱਤਵਾਦ ਦੇ ਗੜ੍ਹ ਵਜੋਂ ਪੂਰੀ ਦੁਨੀਆ 'ਚ ਮਸ਼ਹੂਰ ਪਾਕਿਸਤਾਨ ਇਕ ਪਾਸੇ ਜਿੱਥੇ ਗਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਵਰਲਡ ਇਕਨਾਮਿਕ ਫੋਰਮ (WEF) ਦੀ 'ਗਲੋਬਲ ਜੈਂਡਰ ਗੈਪ ਰਿਪੋਰਟ 2026' ਵਿੱਚ ਪਾਕਿਸਤਾਨ ਲਿੰਗ ਬਰਾਬਰੀ ਦੇ ਮਾਮਲੇ ਵਿੱਚ ਦੁਨੀਆ 'ਚ ਹੇਠਾਂ ਤੋਂ ਤੀਜੇ ਨੰਬਰ 'ਤੇ ਆਇਆ ਹੈ। ਪਾਕਿਸਤਾਨ 'ਚ ਕੁੱਲ ਲਿੰਗ ਬਰਾਬਰੀ ਦਾ ਪੱਧਰ 59.5 ਫ਼ੀਸਦੀ ਦਰਜ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਪਿਛਲੇ ਸਾਲ ਦੀ ਤੁਲਨਾ 'ਚ 3 ਫ਼ੀਸਦੀ ਦਾ ਸੁਧਾਰ ਕੀਤਾ ਹੈ ਅਤੇ 2006 ਤੋਂ ਬਾਅਦ ਜੈਂਡਰ ਗੈਪ 'ਚ 5.2 ਫ਼ੀਸਦੀ ਦੀ ਕਮੀ ਲਿਆਂਦੀ ਹੈ, ਜੋ ਕਿ ਮੁੱਖ ਤੌਰ 'ਤੇ ਸਿੱਖਿਆ ਦੇ ਖੇਤਰ 'ਚ ਹੋਏ ਵਾਧੇ ਕਾਰਨ ਸੰਭਵ ਹੋਇਆ ਹੈ। ਇਸ ਦੇ ਬਾਵਜੂਦ, ਪਾਕਿਸਤਾਨ 38 ਹੇਠਲੇ-ਮੱਧ ਆਮਦਨ ਵਾਲੇ ਦੇਸ਼ਾਂ ਅਤੇ ਦੱਖਣੀ ਏਸ਼ੀਆ ਦੇ 7 ਦੇਸ਼ਾਂ 'ਚੋਂ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਇਸ ਰਿਪੋਰਟ ਮੁਤਾਬਕ ਪਾਕਿਸਤਾਨ ਸਿੱਖਿਆ 'ਚ 130ਵੇਂ, ਆਰਥਿਕ ਭਾਗੀਦਾਰੀ 'ਚ 144ਵੇਂ, ਸਿਹਤ ਅਤੇ ਜੀਵਨ 'ਚ 127ਵੇਂ ਤੇ ਰਾਜਨੀਤਕ ਸ਼ਕਤੀਕਰਨ 'ਚ 107ਵੇਂ ਸਥਾਨ 'ਤੇ ਕਾਬਜ਼ ਹੈ। ਪਾਕਿਸਤਾਨ 'ਚ 81.46 ਫ਼ੀਸਦੀ ਪੁਰਸ਼ਾਂ ਦੇ ਮੁਕਾਬਲੇ ਸਿਰਫ਼ 28.21 ਫ਼ੀਸਦੀ ਔਰਤਾਂ ਹੀ ਕੰਮ ਕਰਦੀਆਂ ਹਨ, ਜਦਕਿ ਸੀਨੀਅਰ ਅਹੁਦਿਆਂ, ਵਿਧਾਇਕਾਂ ਅਤੇ ਮੈਨੇਜਰਾਂ ਦੀਆਂ ਪੋਸਟਾਂ 'ਚ ਔਰਤਾਂ ਦੀ ਹਿੱਸੇਦਾਰੀ ਸਿਰਫ਼ 6.13 ਫ਼ੀਸਦੀ ਹੈ।
ਇਸ ਤੋਂ ਇਲਾਵਾ ਸਿਰਫ਼ 4.9 ਫ਼ੀਸਦੀ ਕੰਪਨੀਆਂ ਦੀ ਮਾਲਕੀ ਔਰਤਾਂ ਕੋਲ ਹੈ ਅਤੇ 3.4 ਫ਼ੀਸਦੀ ਕੰਪਨੀਆਂ 'ਚ ਹੀ ਔਰਤਾਂ ਟੌਪ ਮੈਨੇਜਰ ਵਜੋਂ ਤਾਇਨਾਤ ਹਨ। ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇ ਮਾਮਲੇ 'ਚ ਪਾਕਿਸਤਾਨ 115ਵੇਂ ਅਤੇ ਅੰਦਾਜ਼ਨ ਆਮਦਨ 'ਚ 140ਵੇਂ ਨੰਬਰ 'ਤੇ ਹੈ।
ਪਾਕਿਸਤਾਨ ਦੀ ਸਾਖਰਤਾ ਦਰ ਪੁਰਸ਼ਾਂ 'ਚ 69.14 ਫ਼ੀਸਦੀ, ਜਦਕਿ ਔਰਤਾਂ 'ਚ ਸਿਰਫ਼ 48.52 ਫ਼ੀਸਦੀ ਹੈ। ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ 'ਚ ਮੁੰਡਿਆਂ ਦਾ ਦਾਖ਼ਲਾ 83.01 ਫ਼ੀਸਦੀ, ਜਦਕਿ ਕੁੜੀਆਂ ਦਾ ਹਿੱਸਾ 81.08 ਫ਼ੀਸਦੀ ਹੈ। ਇਸ ਤੋਂ ਇਲਾਵਾ ਸੈਕੰਡਰੀ ਸਕੂਲਾਂ 'ਚ ਮੁੰਡਿਆਂ ਦਾ ਦਾਖ਼ਲਾ 49.99 ਫ਼ੀਸਦੀ ਤੇ ਕੁੜੀਆਂ ਦਾ ਦਾਖ਼ਲਾ 46.48 ਫ਼ੀਸਦੀ ਹੈ।
