''ਗਿਲਗਿਤ ਪਾਕਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾਵੇ ਪਾਕਿਸਤਾਨ..!'', ਮਨੁੱਖੀ ਅਧਿਕਾਰ ਵਿਗਿਆਨੀ ਨੇ ਕੀਤੀ ਮੰਗ
Monday, Oct 05, 2026 - 03:06 PM (IST)
ਇੰਟਰਨੈਸ਼ਨਲ ਡੈਸਕ- ਗਿਲਗਿਤ-ਬਾਲਟਿਸਤਾਨ ਦੇ ਮਸ਼ਹੂਰ ਮਨੁੱਖੀ ਅਧਿਕਾਰ ਵਿਗਿਆਨੀ ਸੇਂਗੇ ਹਸਨ ਸਰਿੰਗ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਗਿਲਗਿਤ-ਬਾਲਟਿਸਤਾਨ ਤੋਂ ਆਪਣੀ ਫੌਜ ਅਤੇ ਗੈਰ-ਕਾਨੂੰਨੀ ਕਬਜ਼ਾ ਤੁਰੰਤ ਵਾਪਸ ਲੈ ਲਵੇ। ਇਕ ਇੰਟਰਵਿਊ 'ਚ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਦਾ ਉੱਥੇ ਕੰਟਰੋਲ ਸਿਰਫ਼ ਆਪਣੇ ਆਰਥਿਕ ਅਤੇ ਰਣਨੀਤਕ ਹਿੱਤਾਂ ਲਈ ਹੈ, ਨਾ ਕਿ ਸਥਾਨਕ ਲੋਕਾਂ ਦੇ ਭਲੇ ਲਈ।
ਸਰਿੰਗ ਅਨੁਸਾਰ, ਗਿਲਗਿਤ-ਬਾਲਟਿਸਤਾਨ ਦੀ ਭੂਗੋਲਿਕ ਸਥਿਤੀ (ਚੀਨ, ਭਾਰਤ, ਅਫ਼ਗਾਨਿਸਤਾਨ ਅਤੇ ਤਾਜਿਕਸਤਾਨ ਨਾਲ ਲੱਗਦੀਆਂ ਸਰਹੱਦਾਂ) ਅਤੇ ਸਿੰਧੂ ਨਦੀ 'ਤੇ ਸਥਿਤ ਵਿਸ਼ਾਲ ਪਣ-ਬਿਜਲੀ ਪ੍ਰੋਜੈਕਟਾਂ ਕਾਰਨ ਪਾਕਿਸਤਾਨੀ ਫੌਜ ਇਸ ਖੇਤਰ 'ਤੇ ਆਪਣਾ ਹੁਕਮ ਚਲਾ ਰਹੀ ਹੈ। 'ਚੀਨ-ਪਾਕਿਸਤਾਨ ਆਰਥਿਕ ਲਾਂਘੇ' (CPEC) ਦਾ ਐਂਟਰੀ ਪੁਆਇੰਟ ਹੋਣ ਕਰ ਕੇ ਪਾਕਿਸਤਾਨੀ ਫੌਜ ਨੇ ਚੀਨ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਸਥਾਨਕ ਨਾਗਰਿਕਾਂ ਦੇ ਜ਼ਮੀਨੀ ਅਧਿਕਾਰਾਂ ਅਤੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਨੇ ਇਸ ਖੇਤਰ ਦੇ ਲੋਕਾਂ ਨੂੰ ਕੋਈ ਸੰਵਿਧਾਨਕ ਦਰਜਾ ਨਹੀਂ ਦਿੱਤਾ। ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਸਥਾਨਕ ਨਾਗਰਿਕਾਂ ਅਤੇ ਰਾਜਨੀਤਕ ਕਾਰਕਰਤਾਵਾਂ ਨੂੰ ਅੱਤਵਾਦ ਵਿਰੋਧੀ ਕਾਨੂੰਨਾਂ ਹੇਠ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸੇਂਗੇ ਸਰਿੰਗ ਅਨੁਸਾਰ, ਜਦੋਂ ਤੱਕ ਪਾਕਿਸਤਾਨ ਇਸ ਖੇਤਰ ਤੋਂ ਆਪਣੀ ਫੌਜ ਨਹੀਂ ਹਟਾਉਂਦਾ, ਉਦੋਂ ਤੱਕ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ। ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਵੱਲੋਂ ਇਸ ਮੁੱਦੇ ਨੂੰ ਚੁੱਕੇ ਜਾਣ ਨਾਲ ਸਥਾਨਕ ਲੋਕਾਂ ਵਿੱਚ ਆਪਣੇ ਬਣਦੇ ਅਧਿਕਾਰਾਂ ਦੀ ਬਹਾਲੀ ਲਈ ਉਮੀਦ ਜਾਗੀ ਹੈ।
