ਅਮਰੀਕਾ ਵੱਲੋਂ 30 ਕਰੋੜ ਡਾਲਰ ਦੀ ਮਦਦ ਰੋਕੇ ਜਾਣ 'ਤੇ ਬੋਲਿਆ ਪਾਕਿ
Tuesday, Sep 04, 2018 - 01:20 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵੱਲੋਂ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੇ ਜਾਣ 'ਤੇ ਸ਼ਖਤ ਬਿਆਨ ਦਿੱਤਾ ਹੈ। ਕੁਰੈਸ਼ੀ ਨੇ ਕਿਹਾ ਹੈ ਕਿ ਇਹ ਰਾਸ਼ੀ ਪਾਕਿਸਤਾਨ ਦੀ ਹੈ ਜੋ ਉਸ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਖਰਚ ਕੀਤੀ ਹੈ ਅਤੇ ਇਹ ਰਾਸ਼ੀ ਪਾਕਿਸਤਾਨ ਨੂੰ ਵਾਪਸ ਮਿਲਣੀ ਚਾਹੀਦੀ ਹੈ। ਪੇਂਟਾਗਨ ਦੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। ਇਸ ਲਈ ਉਸ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੀ ਜਾਵੇਗੀ।
ਕੁਰੈਸ਼ੀ ਨੇ ਕਿਹਾ ਕਿ ਇਸ ਮਾਮਲੇ ਨੂੰ 5 ਸਤੰਬਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੀ ਪਾਕਿਸਤਾਨ ਦੀ ਯਾਤਰਾ ਦੌਰਾਨ ਉਠਾਇਆ ਜਾਵੇਗਾ। ਅਮਰੀਕਾ ਦੇ ਫੈਸਲੇ ਦੇ ਐਲਾਨ ਮਗਰੋਂ ਐਤਵਾਰ ਨੂੰ ਜਲਦਬਾਜ਼ੀ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਕੁਰੈਸ਼ੀ ਨੇ ਕਿਹਾ,''30 ਕਰੋੜ ਡਾਲਰ ਨਾ ਤਾਂ ਮਦਦ ਹੈ ਅਤੇ ਨਾ ਹੀ ਸਹਿਯੋਗ। ਪਾਕਿਸਤਾਨ ਨੇ ਇਹ ਰਾਸ਼ੀ ਆਪਣੇ ਸਰੋਤਾਂ ਨਾਲ ਅੱਤਵਾਦੀਆਂ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਖਰਚ ਕੀਤੀ ਹੈ। ਪਰ ਹੁਣ ਅਮਰੀਕਾ ਇਸ ਰਾਸ਼ੀ ਨੂੰ ਦੇਣ ਦਾ ਚਾਹਵਾਨ ਨਹੀਂ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਇਹ ਸਾਡਾ ਪੈਸਾ ਹੈ, ਜੋ ਅਸੀਂ ਖਰਚ ਕੀਤਾ ਹੈ ਅਤੇ ਅਮਰੀਕਾ ਸਿਰਫ ਇਸ ਦੀ ਭਰਪਾਈ ਕਰ ਰਿਹਾ ਸੀ।'' ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ ਕਿ ਸਿਧਾਂਤਕ ਰੂਪ ਨਾਲ ਅਮਰੀਕਾ ਨੂੰ ਪਾਕਿਸਤਾਨ ਨੂੰ ਇਹ ਰਾਸ਼ੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਾਉਣ ਅਤੇ ਅੱਤਵਾਦ ਨੂੰ ਹਰਾਉਣ ਦੇ ਉਦੇਸ਼ ਨਾਲ ਇਸ ਨੂੰ ਖਰਚ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ,''ਅਸੀਂ ਬੈਠਾਂਗੇ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨਾਲ ਇਸ ਮੁੱਦੇ 'ਤੇ ਚਰਚਾ ਕਰਾਂਗੇ। ਅਸੀਂ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਨ੍ਹਾਂ ਨੂੰ ਸੁਣਾਂਗੇ ਅਤੇ ਉਨ੍ਹਾਂ ਸਾਹਮਣੇ ਆਪਣਾ ਰਵੱਈਆ ਰਖਾਂਗੇ।'' ਰਾਸ਼ੀ ਰੋਕੇ ਜਾਣ 'ਤੇ ਪਾਕਿਸਤਾਨ ਦੇ ਵਿਕਲਪਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਗੱਲ ਕਰੇਗਾ ਕਿਉਂਕਿ ਪਾਕਿਸਤਾਨ ਪਹਿਲਾਂ ਹੀ ਇਹ ਰਾਸ਼ੀ ਖਰਚ ਰਕਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪੋਂਪਿਓ ਦੀ ਯਾਤਰਾ ਦਾ ਸਵਾਗਤ ਕਰਦਾ ਹੈ ਕਿਉਂਕਿ ਇਸ ਨਾਲ ਇਕ-ਦੂਜੇ ਦੇ ਨਜ਼ਰੀਏ ਨੂੰ ਸਮਝਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤੇ ਅਮਰੀਕਾ ਵਿਚਕਾਰ ਵਿਸ਼ਵਾਸ ਦੀ ਕਮੀ ਆਈ ਹੈ ਪਰ ਸਰਕਾਰ ਸੰਬੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲ ਕਰਨਾ ਚਾਹੁੰਦੀ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਮੌਜੂਦਾ ਤਣਾਅ ਜਾਂ ਅਮਰੀਕਾ ਵੱਲੋਂ ਰਾਸ਼ੀ ਰੋਕੇ ਜਾਣ ਲਈ ਜ਼ਿੰਮੇਵਾਰ ਨਹੀਂ ਹੈ ਸਗੋਂ ਇਸ ਲਈ ਦੇਸ਼ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਜ਼ਿੰਮੇਵਾਰ ਹਨ। ਕੁਰੈਸ਼ੀ ਮੁਤਾਬਕ ਇਮਰਾਨ ਖਾਨ ਦੀ ਸਰਕਾਰ ਪਾਕਿਸਤਾਨ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਫੈਸਲੇ ਕਰੇਗੀ।