FATF ਤੋਂ ਬਲੈਕਲਿਸਟ ਹੋਣ ਤੋਂ ਬਚਿਆ ਪਾਕਿ, 3 ਦੇਸ਼ਾਂ ਨੇ ਦਿੱਤਾ ਸਮਰਥਨ

06/21/2019 12:13:48 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੂੰ ਗਲੋਬਲ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ (FATF) ਤੋਂ ਵੱਡੀ ਰਾਹਤ ਮਿਲੀ ਹੈ। ਅੱਤਵਾਦੀ ਸੰਗਠਨਾਂ ਦੇ ਵਿੱਤ ਪੋਸ਼ਣ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ FATF ਦੇ ਤਿੰਨ ਮੈਂਬਰ ਦੇਸ਼ਾਂ ਦਾ ਸਮਰਥਨ ਹਾਸਲ ਕਰਨ ਦੇ ਬਾਅਦ ਪਾਕਿਸਤਾਨ ਬਲੈਕਲਿਸਟ ਹੋਣ ਤੋਂ ਬਚ ਗਿਆ। ਪਾਕਿਸਤਾਨ ਐੱਫ.ਏ.ਟੀ.ਐੱਫ. ਦੇ ਮੈਂਬਰਾਂ ਦੇਸ਼ਾਂ ਤੁਰਕੀ, ਚੀਨ ਅਤੇ ਮਲੇਸ਼ੀਆ ਤੋਂ ਸਮਰਥਨ ਲੈਣ ਵਿਚ ਸਫਲ ਰਿਹਾ, ਜਿਸ ਮਗਰੋਂ ਹੁਣ ਉਸ ਨੂੰ ਰਾਹਤ ਮਿਲ ਗਈ ਹੈ ਅਤੇ ਉਹ ਗ੍ਰੇ ਲਿਸਟ ਵਿਚ ਪਹੁੰਚਣ ਤੋਂ ਬਚ ਗਿਆ। ਭਾਵੇਂਕਿ ਇਹ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। 

ਪਾਕਿਸਤਾਨ ਐੱਫ.ਏ.ਟੀ.ਐੱਫ. ਦੇ ਮੈਂਬਰਾਂ ਦੇਸ਼ਾਂ ਤੋਂ ਸਮਰਥਨ ਲਈ ਲਗਾਤਾਰ ਕੂਟਨੀਤਕ ਕੋਸ਼ਿਸ਼ਾਂ ਕਰ ਰਿਹਾ ਸੀ। ਇੱਥੇ ਦੱਸ ਦਈਏ ਕਿ ਐੱਫ.ਏ.ਟੀ.ਐੱਫ. ਦੇ ਚਾਰਟਰ ਤਹਿਤ ਬਲੈਕਲਿਸਟਿੰਗ ਤੋਂ ਬਚਣ ਲਈ ਘੱਟੋ-ਘੱਟ ਤਿੰਨ ਮੈਂਬਰ ਦੇਸ਼ਾਂ ਦਾ ਸਮਰਥਨ ਮਿਲਣਾ ਲਾਜ਼ਮੀ ਹੈ। ਭਾਵੇਂਕਿ ਇਸ ਨਾਲ ਇਮਰਾਨ ਸਰਕਾਰ ਨੂੰ ਥੋੜ੍ਹੀ ਰਾਹਤ ਮਿਲੀ ਹੈ ਪਰ ਹਾਲੇ ਇਹ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਕੂਟਨੀਤਕ ਸੂਤਰਾਂ ਦਾ ਕਹਿਣਾ ਹੈ ਕਿ ਸੰਸਥਾ ਇਸ ਸਾਲ ਅਕਤੂਬਰ ਵਿਚ ਅਧਿਕਾਰਕ ਤੌਰ 'ਤੇ ਆਪਣਾ ਫੈਸਲਾ ਸੁਣਾਏਗੀ।

ਦੁਨੀਆ ਭਰ ਵਿਚ ਮਨੀ ਲਾਂਡਰਿੰਗ ਅਤੇ ਅੱਤਵਾਦੀ ਸੰਗਠਨਾਂ ਦੇ ਵਿੱਤ ਪੋਸਣ 'ਤੇ ਨਿਗਰਾਨੀ ਕਰਨ ਵਾਲੀ ਸੰਸਥਾ ਐੱਫ.ਏ.ਟੀ.ਐੱਫ. ਦੇ ਰਡਾਰ ਵਿਚ ਪਾਕਿਸਤਾਨ ਜੂਨ 2018 ਤੋਂ ਹੈ। ਏਸ਼ੀਆ-ਪੈਸੇਫਿਕ ਗਰੁੱਪ (ਏ.ਪੀ.ਜੀ.) ਨੇ ਪਾਕਿਸਤਾਨ ਦੀ ਵਿੱਤੀ ਵਿਵਸਥਾ ਅਤੇ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਦੇ ਬਾਅਦ ਅੱਤਵਾਦੀ ਸੰਗਠਨਾਂ ਦੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਖਤਰੇ ਨੂੰ ਉਜਾਗਰ ਕੀਤਾ ਸੀ। ਇਸ ਰਿਪੋਰਟ ਦੇ ਬਾਅਦ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾ ਦਿੱਤਾ ਸੀ। 

ਐੱਫ.ਏ.ਟੀ.ਐੱਫ. ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਐਕਸ਼ਨ ਪਲਾਨ ਦੇ ਤਹਿਤ ਕੁਝ ਕਦਮ ਚੁੱਕੇ ਹਨ ਪਰ ਉਸ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਰੋਕਣ ਲਈ ਹੋਰ ਵੀ ਜ਼ਿਆਦਾ ਸਖਤ ਅਤੇ ਪ੍ਰਭਾਵੀ ਕਦਮ ਚੁੱਕਣੇ ਪੈਣਗੇ। ਐਕਸ਼ਨ ਪਲਾਨ ਵਿਚ 27 ਸ਼ਰਤਾਂ ਵਿਚੋਂ ਪਾਕਿਸਤਾਨ ਨੇ ਸਿਰਫ 18 ਸ਼ਰਤਾਂ ਹੀ ਪੂਰੀਆਂ ਕੀਤੀਆਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਜਿਹੜੀ ਰਾਹਤ ਮਿਲੀ ਹੈ ਉਹ ਅਸਥਾਈ ਹੈ। 

ਭਾਵੇਂਕਿ ਇਸ ਨਾਲ ਪਾਕਿਸਤਾਨ ਨੂੰ ਦੂਜੇ ਮੈਂਬਰ ਦੇਸ਼ਾਂ ਤੋਂ ਮਦਦ ਜੁਟਾਉਣ ਦਾ ਥੋੜ੍ਹਾ ਸਮਾਂ ਹੋਰ ਮਿਲ ਜਾਵੇਗਾ। ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਬਾਹਰ ਆਉਣ ਲਈ ਪਾਕਿਸਤਾਨ ਨੂੰ 36 ਵੋਟਾਂ ਵਿਚੋਂ 15 ਵੋਟਾਂ ਦੀ ਲੋੜ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕੰਮ ਪਾਕਿਸਤਾਨ ਲਈ ਬਹੁਤ ਚੁਣੌਤੀਪੂਰਣ ਹੋਵੇਗਾ।


Vandana

Content Editor

Related News