ਪਾਕਿ 'ਚ ਪਰਸੋਂ ਹੋਵੇਗਾ ਗੁਰਦੁਆਰਾ ਚੋਆ ਸਾਹਿਬ ਦਾ ਉਦਘਾਟਨ

07/31/2019 2:19:08 PM

ਇਸਲਾਮਾਬਾਦ (ਰਣਦੀਪ ਸਿੰਘ, ਅਮਰੀਕ ਟੁਰਨਾ)— ਪਾਕਿਸਤਾਨ ਵਿਚ ਪਰਸੋਂ (2 ਅਗਸਤ) ਨੂੰ ਗੁਰਦੁਆਰਾ ਚੋਆ ਸਾਹਿਬ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਈ.ਟੀ.ਪੀ.ਬੀ. ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੇ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਤੋਂ ਪਾਕਿਸਤਾਨ ਨਗਰ ਕੀਰਤਨ ਕੱਢਣ ਲਈ ਗਿਆ 500 ਤੋਂ ਵਧੇਰੇ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਨਨਕਾਣਾ ਸਾਹਿਬ ਵਿਚ ਨਤਮਸਤਕ ਹੋਇਆ। ਇਸ ਦੌਰਾਨ ਨਗਰ ਕੀਰਤਨ ਕੱਢਣ ਸੰਬੰਧੀ ਰੁਕਾਵਟਾਂ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਦੇ ਮੁੱਖ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਅਤੇ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਲਿਆ ਗਿਆ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਆਗੂਆਂ ਵੱਲੋਂ ਪੈੱਸ ਕਾਨਫਰੰਸ ਕਰ ਕੇ ਪ੍ਰਕਾਸ਼ ਪੁਰਬ ਸਬੰਧੀ ਦੂਜੇ ਸਮਾਗਮਾਂ ਬਾਰੇ ਵੀ ਜਾਣਕਾਰੀ ਸਾਂਝੀ ਦਿੱਤੀ ਗਈ। 

PunjabKesari

ਇਸ ਦੌਰਾਨ ਈ.ਟੀ.ਪੀ.ਬੀ. ਦੇ ਚੇਅਰਮੈਨ ਡਾਕਟਰ ਆਮਿਰ ਅਹਿਮਦ ਨੇ ਦੱਸਿਆ ਕਿ ਪਾਕਿਸਤਾਨ ਵਿਚ ਜ਼ਿਲਾ ਜੇਹਲਮ ਵਿਚ ਗੁਰਦੁਆਰਾ ਚੋਆ ਸਾਹਿਬ ਦਾ ਪਰਸੋਂ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਭਾਰਤ ਤੋਂ ਇੱਥੇ ਆਏ ਸਿੱਖ ਸ਼ਰਧਾਲੂਆਂ ਨੂੰ ਹਾਜ਼ਰ ਹੋਣ ਦੀ ਅਪੀਲ ਕੀਤੀ। 

ਜਾਣੋ ਗੁਰਦੁਆਰਾ ਚੋਆ ਸਾਹਿਬ ਦੇ ਬਾਰੇ 'ਚ
ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਦੀ ਯਾਤਰਾ ’ਤੇ ਨਿਕਲੇ ਤਾਂ ਭਾਈ ਮਰਦਾਨਾ ਨਾਲ ਸਨ। ਗਰਮੀ ਦੇ ਦੌਰਾਨ ਯਾਤਰਾ ਕਰਦਿਆਂ ਨੇਡ਼ੇ ਦੇ ਟਿੱਲਾ ਜੋਗੀਆਂ ਵਿਚ 40 ਦਿਨ ਠਹਿਰੇ ਸਨ। ਇਥੇ ਭਾਈ ਭਗਤੂ ਦੀ ਬੇਨਤੀ ’ਤੇ ਜਲ ਦਾ ਸੰਕਟ ਦੂਰ ਕਰਨ ਲਈ ਗੁਰੂ ਜੀ ਨੇ ਇਕ ਪੱਥਰ ਚੁੱਕ ਕੇ ਜਲ ਦਾ ਸਰੋਤ ਪ੍ਰਵਾਹਮਾਨ ਕੀਤਾ ਸੀ। ਇਸ ਸਰੋਤ ਦੇ ਨਾਲ ਹੀ ਇਕ ਸਰੋਵਰ ਵੀ ਬਣਿਆ ਹੋਇਆ ਹੈ, ਜਿਸ ਨੂੰ ‘ਚਸ਼ਮਾ ਸਾਹਿਬ’ ਵੀ ਕਹਿੰਦੇ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਬਣਾਏ ਗਏ ਗੁਰੂ-ਧਾਮ ਨੂੰ ‘ਗੁਰਦੁਆਰਾ ਚੋਆ ਸਾਹਿਬ ਕਿਹਾ ਜਾਂਦਾ ਹੈ। ਇਸ ਦੇ ਪਰਿਸਰ ਵਿਚ ਨਿਰਮਲ ਜਲ ਦਾ ਸਰੋਵਰ ਬਣਿਆ ਹੋਇਆ ਹੈ।

ਇਸ ਚਸ਼ਮੇ ਦੀ ਖੋਜ ਗੁਰੂ ਨਾਨਕ ਦੇਵ ਜੀ ਨੇ ਕੀਤੀ (ਜਾਂ ਇਸ ਨੂੰ ‘ਪੈਦਾ’ ਕੀਤਾ) ਸੀ | ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਇਸ ਚੋਅ ਨੂੰ ਕਿਲੇ ਦੇ ਅੰਦਰ ਨੂੰ ਮੋਡ਼ਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਵਹਾਅ ਹਮੇਸ਼ਾ ਪਹਿਲਾਂ ਵਾਲੀ ਥਾਂ ’ਤੇ ਚਲਾ ਜਾਂਦਾ ਸੀ ਤੇ ਉਸ ਨੇ ਸੱਤ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹ ਖਿਆਲ ਛੱਡ ਦਿੱਤਾ ਤੇ ਕਿਲੇ ਦੇ ਅੰਦਰ ਪਾਣੀ ਵਾਸਤੇ ਇਕ ਵਿਸ਼ਾਲ ਬਾਓਲੀ ਤਾਮੀਰ ਕਰਵਾ ਲਈ|

ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ ਆਪਣੇ ਰਾਜ ਕਾਲ ਦੌਰਾਨ 1834 ਵਿਚ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿਡ਼ਕੀਆਂ ਅਤੇ ਚਾਰ-ਚਾਰ ਫੁੱਟ ਚੌਡ਼ੀਆਂ ਕੰਧਾਂ ਸਦਕਾ ਇਮਾਰਤਸਾਜ਼ੀ ਦਾ ਇਕ ਨਮੂਨਾ ਹੈ।


Vandana

Content Editor

Related News