ਪਾਕਿਸਤਾਨੀ ਵਿਅਕਤੀ ਨੇ Whatsapp ਗਰੁੱਪ ''ਤੇ ਭੇਜਿਆ ਈਸ਼ਨਿੰਦਾ ਦਾ ਮੈਸੇਜ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
Sunday, Mar 26, 2023 - 03:28 AM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਲਈ ਈਸ਼ਨਿੰਦਾ 'ਤੇ ਸਖ਼ਤ ਸਜ਼ਾ ਕੋਈ ਨਵੀਂ ਗੱਲ ਨਹੀਂ ਹੈ ਪਰ ਕੱਟੜਪੰਥੀ ਦੇਸ਼ ਦੇ ਨਿਯਮ ਹੈਰਾਨੀ ਕਰਨ ਵਾਲੇ ਹਨ। ਈਸ਼ਨਿੰਦਾ ਇਸ ਦੇਸ਼ ਵਿੱਚ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਇੱਥੇ ਇਸ ਮਾਮਲੇ ਵਿੱਚ ਦੋਸ਼ ਕਿਸੇ ਵਿਅਕਤੀ ਲਈ ਘਾਤਕ ਵੀ ਹੋ ਸਕਦੇ ਹਨ। ਪਾਕਿਸਤਾਨ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਭੀੜ ਨੂੰ ਈਸ਼ਨਿੰਦਾ ਦੇ ਦੋਸ਼ 'ਚ ਹਿੰਸਕ ਹੁੰਦੇ ਦੇਖਿਆ ਗਿਆ। ਹਾਲ ਹੀ 'ਚ ਪਾਕਿਸਤਾਨ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਭਾਰਤ 'ਚ ਨੂਪੁਰ ਸ਼ਰਮਾ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਇਤਰਾਜ਼ ਉਠਾਇਆ ਸੀ। ਇਸ ਦੇ ਨਾਲ ਹੀ ਹੁਣ ਇਸੇ ਦੇਸ਼ ਵਿੱਚ ਇਕ ਵਿਅਕਤੀ ਨੂੰ ਸਿਰਫ਼ ਵਟਸਐਪ 'ਤੇ ਇਕ ਸੰਦੇਸ਼ ਨੂੰ ਈਸ਼ਨਿੰਦਾ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ : ਇੰਟਰਨੈੱਟ ਬੰਦ ਕੀਤੇ ਜਾਣ 'ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ- ਪੰਜਾਬ ਦੀਆਂ ਘਟਨਾਵਾਂ 'ਤੇ ਸਾਡੀ ਤਿੱਖੀ ਨਜ਼ਰ
ਮਾਮਲਾ ਉੱਤਰ-ਪੱਛਮੀ ਪਾਕਿਸਤਾਨ ਦਾ ਹੈ, ਜਿੱਥੇ ਪੇਸ਼ਾਵਰ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਇਕ ਮੁਸਲਮਾਨ ਵਿਅਕਤੀ ਨੂੰ ਇਕ ਵਟਸਐਪ ਗਰੁੱਪ ਵਿੱਚ ਈਸ਼ਨਿੰਦਾ ਸਮੱਗਰੀ ਪੋਸਟ ਕਰਨ ਲਈ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਦੇ ਦੋਸ਼ੀ ਸਈਦ ਮੁਹੰਮਦ ਜ਼ੀਸ਼ਾਨ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਇਹ ਹੁਕਮ ਪਾਕਿਸਤਾਨ ਇਲੈਕਟ੍ਰਾਨਿਕ ਕ੍ਰਾਈਮ ਪ੍ਰੀਵੈਨਸ਼ਨ ਐਕਟ ਤੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਦੋਸ਼ੀ ਸਾਬਤ ਹੋਣ ਤੋਂ ਬਾਅਦ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ...ਤੇ ਹੁਣ ਫਰਾਂਸ 'ਚ ਵੀ TikTok 'ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ
ਪੇਸ਼ਾਵਰ ਦੀ ਅੱਤਵਾਦ ਰੋਕੂ ਅਦਾਲਤ ਨੇ ਆਪਣੇ ਹੁਕਮ 'ਚ ਕਿਹਾ, ''ਹਿਰਾਸਤ 'ਚ ਮੌਜੂਦ ਸਈਅਦ ਮੁਹੰਮਦ ਜ਼ੀਸ਼ਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਅਦਾਲਤ ਨੇ 23 ਸਾਲਾ ਜ਼ੀਸ਼ਾਨ 'ਤੇ 10 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।''
ਇਹ ਵੀ ਪੜ੍ਹੋ : ਚੀਨ ਨੇ ਸੋਸ਼ਲ ਮੀਡੀਆ 'ਤੇ ਕੱਸਿਆ ਸ਼ਿਕੰਜਾ, ਆਨਲਾਈਨ ਖ਼ਬਰਾਂ 'ਤੇ ਲਗਾਏਗਾ ਪਾਬੰਦੀ
ਅੱਤਵਾਦ ਵਿਰੋਧੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜ਼ੀਸ਼ਾਨ ਇਸ ਅਦਾਲਤ ਦੇ ਹੁਕਮਾਂ ਨੂੰ ਉਪਰਲੀ ਅਦਾਲਤ ਵਿੱਚ ਚੁਣੌਤੀ ਦੇ ਸਕਦਾ ਹੈ। ਜ਼ੀਸ਼ਾਨ ਵਿਰੁੱਧ ਕੇਸ ਦਾਇਰ ਕਰਨ ਵਾਲੇ ਸਈਦ ਦੇ ਵਕੀਲ ਇਬਰਾਰ ਹੁਸੈਨ ਮੁਤਾਬਕ ਪੰਜਾਬ ਸੂਬੇ ਦੇ ਤਾਲਾਗਾਂਗ ਦੇ ਰਹਿਣ ਵਾਲੇ ਮੁਹੰਮਦ ਸਈਦ ਨੇ 2 ਸਾਲ ਪਹਿਲਾਂ ਸੰਘੀ ਜਾਂਚ ਏਜੰਸੀ ਨੂੰ ਅਰਜ਼ੀ ਦਿੱਤੀ ਸੀ, ਜਿਸ ਵਿੱਚ ਜ਼ੀਸ਼ਾਨ 'ਤੇ ਇਕ ਵਟਸਐਪ ਗਰੁੱਪ 'ਚ ਈਸ਼ਨਿੰਦਾ ਸਮੱਗਰੀ ਪਾਉਣ ਦਾ ਦੋਸ਼ ਲਾਇਆ ਗਿਆ ਸੀ, ਜਿਸ ਤੋਂ ਬਾਅਦ ਐੱਫਆਈਏ ਨੇ ਜ਼ੀਸ਼ਾਨ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਸੀ ਤੇ ਇਸ ਦੀ ਫੋਰੈਂਸਿਕ ਜਾਂਚ ਨੇ ਉਸ ਨੂੰ ਦੋਸ਼ੀ ਸਾਬਤ ਕਰ ਦਿੱਤਾ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।