ਪਾਕਿ ਸੁਪਰੀਮ ਕੋਰਟ ਦਾ ਆਦੇਸ਼, 2 ਹਫਤੇ ''ਚ ਬਣਾਇਆ ਜਾਵੇ ਮੰਦਰ

01/05/2021 6:10:00 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਮੰਦਰ ਢਹਿ ਢੇਰੀ ਕੀਤੇ ਜਾਣ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਵਿਚ ਕੋਰਟ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਖੈਬਰ ਪਖਤੂਨਖਵਾ ਦੀ ਸਰਕਾਰ ਨੂੰ ਆਦੇਸ਼ ਦਿੱਤਾ ਕਿ ਮੰਦਰ ਦੇ ਨਾਲ-ਨਾਲ ਸ਼੍ਰੀ ਪਰਮਹੰਸ ਮਹਾਰਾਜ ਦੀ ਸਮਾਧੀ ਦੀ ਵੀ ਦੋ ਹਫਤੇ ਦੇ ਅੰਦਰ-ਅੰਦਰ ਮੁੜ ਉਸਾਰੀ ਕੀਤੀ ਜਾਵੇ। ਮੁੱਖ ਜੱਜ ਨੇ ਇਹ ਵੀ ਕਿਹਾ ਕਿ ਮੰਦਰ ਵਿਚ ਭੰਨ-ਤੋੜ ਕਰਨ ਵਾਲੇ ਹੀ ਇਸ ਦੀ ਮੁੜ ਉਸਾਰੀ ਦਾ ਖਰਚਾ ਦੇਣਗੇ।

ਇੱਥੇ ਦੱਸ ਦਈਏ ਕਿ ਮੰਦਰ ਦੇ ਢਹਿ-ਢੇਰੀ ਮਾਮਲੇ ਵਿਚ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੋਸ਼ੀਆਂ ਨੂੰ ਤਿੰਨ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਨੇਤਾਵਾਂ ਨੇ ਮੰਦਰ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉੱਥੇ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨੇ 8 ਪੁਲਸ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ-  ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਡਰੱਗ ਤਸਕਰ ਦਾ ਕਤਲ

ਭਾਰਤ ਨੇ ਵੀ ਮੰਦਰ ਵਿਚ ਭੰਨ-ਤੋੜ ਦੀ ਘਟਨਾ ਨੂੰ ਲੈਕੇ ਪਾਕਿਸਤਾਨ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਸੀ। ਇਸ ਘਟਨਾ ਦੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ। ਗੌਰਤਲਬ ਹੈ ਕਿ ਖੈਬਰ ਪਖਤੂਨਖਵਾ ਵਿਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਪਿਛਲੇ ਬੁੱਧਵਾਰ ਨੂੰ ਕੁਝ ਸਥਾਨਕ ਮੌਲਵੀਆਂ ਅਤੇ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ (ਫਜਲ ਉਰ ਰਹਿਮਾਨ ਸਮੂਹ) ਦੇ ਸਮਰਥਕਾਂ ਦੀ ਅਗਵਾਈ ਵਿਚ ਭੀੜ ਨੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੇਂ ਉਸਾਰੀ ਕੰਮ ਨੂੰ ਢਹਿ-ਢੇਰੀ ਕਰ ਦਿੱਤਾ ਸੀ ਅਤੇ ਅੱਗ ਲਗਾ ਦਿੱਤੀ ਸੀ।

ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜਾਰ ਅਹਿਮਦ ਨੇ ਮੰਦਰ ਢਹਿ-ਢੇਰੀ ਕੀਤੇ ਜਾਣ ਦੀ ਘਟਨਾ 'ਤੇ ਖੁਦ ਨੋਟਿਸ ਲਿਆ ਅਤੇ ਸੁਣਵਾਈ ਲਈ 5 ਜਨਵਰੀ ਦੀ ਤਾਰੀਖ਼ ਤੈਅ ਕੀਤੀ ਸੀ। ਮੁੱਖ ਜੱਜ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਘੱਟ ਗਿਣਤੀ ਸਾਂਸਦ ਰਮੇਸ਼ ਕੁਮਾਰ ਨੇ ਪਿਛਲੇ ਹਫਤੇ ਕਰਾਚੀ ਵਿਚ ਇਕ ਮੁਲਾਕਾਤ ਦੇ ਦੌਰਾਨ ਹਿੰਦੂ ਮੰਦਰ ਤੋੜੇ ਜਾਣ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਕੋਰਟ ਨੇ ਔਕਾਫ ਵਿਭਾਗ ਤੋਂ ਪਾਕਿਸਤਾਨ ਵਿਚ ਸਥਿਤ ਹਿੰਦੂ ਮੰਦਰਾਂ ਦੀ ਜਾਣਕਾਰੀ ਮੰਗੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News