ਅਦਾਲਤ ਨੇ ਇਮਰਾਨ ਨੂੰ ਭੇਜਿਆ ਸੀ ਅਦਿਆਲਾ ਜੇਲ੍ਹ, ਲਾਹੌਰ ਪੁਲਸ ਆਪਣੀ ਮਰਜ਼ੀ ਨਾਲ ਲੈ ਗਈ ਅਟਕ ਜੇਲ੍ਹ
Monday, Aug 07, 2023 - 09:38 AM (IST)
ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ (70) ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਅਤੇ 3 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਸ਼ਨੀਵਾਰ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਮਾਯੂੰ ਦਿਲਾਵਰ ਨੇ ਇਸਲਾਮਾਬਾਦ ਪੁਲਸ ਮੁਖੀ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ, ਜਦ ਕਿ ਪੰਜਾਬ ਪੁਲਸ ਨੇ ਇਮਰਾਨ ਨੂੰ ਗ੍ਰਿਫ਼ਤਾਰ ਕੀਤਾ। ਅਦਾਲਤ ਨੇ ਇਮਰਾਨ ਨੂੰ ਅਦਿਆਲਾ ਜੇਲ ਭੇਜਣ ਦਾ ਹੁਕਮ ਦਿੱਤਾ ਸੀ, ਇਸ ਦੀ ਥਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਖ਼ਤ ਸੁਰੱਖਿਆ ਹੇਠ ਅਟਕ ਜੇਲ੍ਹ ਲਿਜਾਇਆ ਗਿਆ।
ਇਸਲਾਮਾਬਾਦ ਦੇ ਇੰਸਪੈਕਟਰ ਜਨਰਲ ਆਫ ਪੁਲਸ (ਆਈ.ਜੀ.ਪੀ.) ਲਈ ਜਾਰੀ ਕੀਤੇ ਗਏ ਅਦਾਲਤੀ ਆਦੇਸ਼ ਵਿਚ ਕਿਹਾ ਗਿਆ ਹੈ, “ਇਸਲਾਮਾਬਾਦ ਪੁਲਸ ਦੇ ਆਈ. ਜੀ. ਨੂੰ ਅਧਿਕਾਰ ਦਿੱਤਾ ਜਾਂਦਾ ਹੈ ਕਿ ਇਮਰਾਨ ਖਾਨ ਨਿਆਜ਼ੀ ਪੁੱਤਰ ਇਕਰਾਮੁੱਲਾ ਖਾਨ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਨੂੰ ਸੁਣਾਈ ਗਈ ਸਜ਼ਾ ਲਈ ਕੇਂਦਰੀ ਜੇਲ੍ਹ ਅਦਿਆਲਾ ਰਾਵਲਪਿੰਡੀ ਭੇਜਣ। ਇਮਰਾਨ ਨੂੰ ਨਾ ਤਾਂ ਰਾਜਧਾਨੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਤੇ ਨਾ ਹੀ ਅਦਿਆਲਾ ਜੇਲ੍ਹ ਭੇਜਿਆ ਗਿਆ। ਲਾਹੌਰ ਪੁਲਸ ਨੂੰ ਦੁਪਹਿਰ ਤੋਂ ਪਹਿਲਾਂ ਚੌਕਸ ਕਰ ਦਿੱਤਾ ਗਿਆ ਅਤੇ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਦੀ ਅਗਵਾਈ ਵਿਚ ਲਾਹੌਰ ਪੁਲਸ ਦੀ ਇਕ ਟੀਮ ਤਿਆਰ ਰੱਖੀ ਗਈ ਸੀ, ਜੋ ਅਦਾਲਤ ਦਾ ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਇਮਰਾਨ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ’ਤੇ ਪਹੁੰਚ ਗਈ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਨ ਦੀ ਬਜਾਏ ਸਿੱਧਾ ਅਟਕ ਜੇਲ੍ਹ ਲੈ ਗਈ ਅਤੇ ਜੇਲ ਸੁਪਰਡੈਂਟ ਦੇ ਹਵਾਲੇ ਕਰ ਦਿੱਤਾ।
ਕਾਨੂੰਨੀ ਟੀਮ ਨੂੰ ਇਮਰਾਨ ਨਾਲ ਮਿਲਣ ਨਹੀਂ ਦੇ ਰਹੇ ਜੇਲ ਅਧਿਕਾਰੀ
ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਅਧਿਕਾਰੀ ਸਾਬਕਾ ਪ੍ਰਧਾਨ ਮੰਤਰੀ ਦੀ ਕਾਨੂੰਨੀ ਟੀਮ ਨੂੰ ਅਦਾਲਤ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾਉਣ ਲਈ ਉਨ੍ਹਾਂ ਨੂੰ ਮਿਲਣ ਨਹੀਂ ਦੇ ਰਹੇ ਹਨ। ਪਾਰਟੀ ਨੇ ਵਟਸਐਪ ਗਰੁੱਪ ’ਤੇ ਸ਼ੇਅਰ ਕੀਤੇ ਬਿਆਨ ’ਚ ਕਿਹਾ ਕਿ ਇਹ ਗ੍ਰਿਫ਼ਤਾਰੀ ਨਹੀਂ ਸਗੋਂ ਅਗਵਾ ਵਾਂਗ ਲੱਗਦਾ ਹੈ। ਇਮਰਾਨ ਖਾਨ ਦੀ ਗੈਰ-ਮੌਜੂਦਗੀ ਵਿਚ ਪੀ.ਟੀ.ਆਈ. ਦੀ ਅਗਵਾਈ ਕਰ ਰਹੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਵੀਡੀਓ ਸੰਦੇਸ਼ ਵਿਚ ਕਾਰਕੁਨਾਂ ਨੂੰ ਸੜਕਾਂ ’ਤੇ ਉਤਰਨ ਪਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਸਾਡਾ ਹੱਕ ਹੈ ਪਰ ਕਿਸੇ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਕਾਨੂੰਨ ਹੱਥ ਵਿਚ ਨਾ ਲਿਆ ਜਾਵੇ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦੀ ਚਮਕੀ ਕਿਸਮਤ, ਲੱਗਾ 6 ਕਰੋੜ ਦਾ ਜੈਕਪਾਟ, ਹੁਣ ਪੂਰਾ ਕਰੇਗਾ ਪਤਨੀ ਦਾ ਇਹ ਸੁਫ਼ਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।