ਪਾਕਿਸਤਾਨ ਨੇ ਸ਼ਰਤ ਨਾਲ ਟਿਕਟੌਕ 'ਤੇ ਚੌਥੀ ਵਾਰ ਹਟਾਇਆ ਬੈਨ
Saturday, Nov 20, 2021 - 12:22 PM (IST)

ਇਸਲਾਮਾਬਾਦ- ਪਾਕਿਸਤਾਨ ਦੀ ਮੀਡੀਆ ਰੈਗੁਲੇਟਰੀ ਅਥਾਰਿਟੀ ਨੇ ਸ਼ੁੱਕਰਵਾਰ ਨੂੰ ਟਿਕਟੌਕ ਤੋਂ ਬੈਨ ਮੁੜ ਹਟਾ ਦਿੱਤਾ ਹੈ। ਇਸ ਵਾਰ ਉਸ ਨੇ ਚਾਰ ਮਹੀਨਿਆਂ ਬਾਅਦ ਇਹ ਬੈਨ ਹਟਾਇਆ ਹੈ। ਵੀਡੀਓ ਸਾਂਝੀ ਕਰਨ ਵਾਲੀ ਚੀਨ ਦੀ ਲੋਕਪ੍ਰਿਯ ਸੇਵਾ ਨੇ ਭਰੋਸਾ ਦਿੱਤਾ ਹੈ ਕਿ ਉਹ ਅਸ਼ਲੀਲ ਸਮੱਗਰੀ ਦੇ ਟਿਕਟੌਕ 'ਤੇ ਪ੍ਰਸਾਰ ਕਰਨ 'ਤੇ ਕੰਟਰੋਲ ਕਰੇਗੀ, ਜਿਸ ਤੋਂ ਬਾਅਦ ਇਹ ਬੈਨ ਹਟਾਇਆ ਗਿਆ ਹੈ। ਪਿਛਲੇ 15 ਮਹੀਨਿਆਂ 'ਚ ਇਹ ਚੌਥੀ ਵਾਰ ਹੈ ਜਦੋਂ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਟਿਕਟੌਕ 'ਤੇ ਬੈਨ ਲਾਇਆ ਤੇ ਫਿਰ ਹਟਾਇਆ ਹੈ।
ਪਾਕਿਸਤਾਨ ਨੇ ਨਾਬਾਲਗਾਂ ਤੇ ਨੌਜਵਾਨਾਂ ਦਰਮਿਆਨ ਲੋਕਪ੍ਰਿਯ ਟਿਕਟੌਕ 'ਤੇ ਸਭ ਤੋਂ ਪਹਿਲਾਂ ਅਕਤੂਬਰ 2020 'ਚ ਬੈਨ ਲਾਇਆ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਐਪ 'ਤੇ ਸਮੱਗਰੀ ਕਥਿਤ ਤੌਰ 'ਤੇ 'ਅਨੈਤਿਕ ਤੇ ਅਸ਼ਲੀਲ' ਪਾਏ ਜਾਣ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਸਨ। ਰੈਗੁਲੇਟਰੀ ਏਜੰਸੀ ਨੇ ਬਿਆਨ 'ਚ ਕਿਹਾ ਕਿ ਟਿਕਟੌਕ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਯੂਜ਼ਰਸ ਨੂੰ ਬਲੌਕ ਕਰੇਗੀ ਜੋ 'ਗ਼ੈਰਕਾਨੂੰਨੀ ਸਮੱਗਰੀ' ਅਪਲੋਡ ਕਰਦੇ ਹਨ।
ਚੀਨ ਦੀ ਬਾਈਟਡਾਂਸ ਕੰਪਨੀ ਦੀ ਇਸ ਐਪ ਨੂੰ ਪਾਕਿਸਤਾਨ 'ਚ ਲਗਭਗ 3.9 ਕਰੋੜ ਵਾਰ ਡਾਊਨਲੋਡ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ 'ਚ ਪਾਕਿਸਤਾਨ ਨੇ ਫੇਸਬੁੱਕ ਤੇ ਟਵਿੱਟਰ ਨੂੰ ਉਨ੍ਹਾਂ ਦੀ ਸਮੱਗਰੀ ਨੂੰ ਲੈ ਕੇ ਸੈਂਕੜੇ ਸ਼ਿਕਾਇਤਾਂ ਭੇਜੀਆਂ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਉਕਤ ਸਮੱਗਰੀ ਗ਼ਲਤ ਤੇ ਇਸਲਾਮ ਦੇ ਪ੍ਰਤੀ ਅਪਮਾਨਜਨਕ ਤੇ ਪਾਕਿਸਤਾਨੀ ਕਾਨੂੰਨ ਦੇ ਖ਼ਿਲਾਫ਼ ਹੈ।