ਪਾਕਿਸਤਾਨ ‘ਜੰਗਬੰਦੀ’ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਵਚਨਬੱਧ

Sunday, May 11, 2025 - 10:58 PM (IST)

ਪਾਕਿਸਤਾਨ ‘ਜੰਗਬੰਦੀ’ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਵਚਨਬੱਧ

ਇਸਲਾਮਾਬਾਦ, (ਭਾਸ਼ਾ)- ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ‘ਜੰਗਬੰਦੀ’ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਉਸ ਦੀਆਂ ਫੌਜਾਂ ਹਾਲਾਤ ਨੂੰ ‘ਜ਼ਿੰਮੇਵਾਰੀ’ ਨਾਲ ਸੰਭਾਲ ਰਹੀਆਂ ਹਨ। ਭਾਰਤ ਤੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਜ਼ਮੀਨ, ਹਵਾ ਤੇ ਸਮੁੰਦਰ ’ਚ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਸਮਝੌਤੇ ਦਾ ਐਲਾਨ ਕੀਤਾ।

ਹਾਲਾਂਕਿ ਕੁਝ ਹੀ ਘੰਟਿਆਂ ਬਾਅਦ ਨਵੀਂ ਦਿੱਲੀ ਨੇ ਇਸਲਾਮਾਬਾਦ ’ਤੇ ਇਸ ਦੀ ਉਲੰਘਣਾ ਦਾ ਦੋਸ਼ ਲਾਇਆ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਨੂੰ ਇਨ੍ਹਾਂ ਉਲੰਘਣਾਵਾਂ ਨੂੰ ਦੂਰ ਕਰਨ ਲਈ ‘ਢੁੱਕਵੇਂ ਕਦਮ’ ਚੁੱਕਣ ਅਤੇ ਸਥਿਤੀ ਨਾਲ ‘ਗੰਭੀਰਤਾ ਅਤੇ ਜ਼ਿੰਮੇਵਾਰੀ’ ਨਾਲ ਨਜਿੱਠਣ ਦੀ ਅਪੀਲ ਕੀਤੀ। ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਇੱਥੇ ਮਿਸਰੀ ਦੇ ਬਿਆਨ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗਬੰਦੀ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਲਈ ਪਾਕਿਸਤਾਨ ਵਚਨਬੱਧ ਹੈ।

ਬੁਲਾਰੇ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜਾਂ ਜ਼ਿੰਮੇਵਾਰੀ ਅਤੇ ਸੰਜਮ ਨਾਲ ਹਾਲਾਤ ਨੂੰ ਸੰਭਾਲ ਰਹੀਆਂ ਹਨ। ਸਾਡਾ ਮੰਨਣਾ ਹੈ ਕਿ ਜੰਗਬੰਦੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ’ਚ ਪੈਦਾ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਢੁੱਕਵੇਂ ਪੱਧਰ ’ਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਜ਼ਮੀਨੀ ਫੌਜ ਦੇ ਜਵਾਨਾਂ ਨੂੰ ਵੀ ਸੰਜਮ ਵਰਤਣਾ ਚਾਹੀਦਾ ਹੈ।


author

Rakesh

Content Editor

Related News