ਕੋਰੋਨਾਵਾਇਰਸ ਦਾ ਖੌਫ: ਪਾਕਿ ਨੇ ਬੰਦ ਕੀਤੀ ਈਰਾਨ ਨਾਲ ਲੱਗਦੀ ਸਰਹੱਦ
Sunday, Feb 23, 2020 - 07:41 PM (IST)

ਇਸਲਾਮਾਬਾਦ- ਚੀਨ ਦੇ ਕੋਰੋਨਾਵਾਇਰਸ ਦਾ ਕਹਿਰ ਹੁਣ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਵੀ ਦਿਖਣ ਲੱਗਿਆ ਹੈ। ਵੁਹਾਨ ਤੇ ਹੁਬੇਈ ਸੂਬੇ ਵਿਚ ਇਸ ਦੌਰਾਨ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇੰਨਾਂ ਹੀ ਨਹੀਂ ਕੋਰੋਨਾਵਾਇਰਸ ਨੇ ਚੀਨ ਦੀ ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਈਰਾਨ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਦੇਖਦਿਆਂ ਪਾਕਿਸਤਾਨ ਨੇ ਈਰਾਨ ਨਾਲ ਲੱਗਦੀ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਈਰਾਨ ਵਿਚ ਕੋਰੋਨਾਵਾਇਰਸ ਦੇ 28 ਮਾਮਲੇ ਸਾਹਮਣੇ ਆਏ ਹਨ ਤੇ 6 ਲੋਕਾਂ ਦੀ ਇਸ ਦੌਰਾਨ ਮੌਤ ਹੋ ਚੁੱਕੀ ਹੈ। ਇਹਨਾਂ ਮਾਮਲਿਆਂ ਨੂੰ ਦੇਖਦਿਆਂ ਪਾਕਿਸਤਾਨ ਨੇ ਈਰਾਨ ਨਾਲ ਲੱਗਦੀ ਸਰਹੱਦ ਨੂੰ ਆਵਾਜਾਈ ਦੇ ਲਈ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਪਾਕਿਸਤਾਨ ਤੇ ਈਰਾਨ ਦੀ ਸਰਹੱਦ ਤਫਤਾਨ ਨਾਂ ਦੀ ਥਾਂ 'ਤੇ ਮਿਲਦੀ ਹੈ। ਇਥੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਗੇਟ ਲੱਗੇ ਹੋਏ ਹਨ। ਇਸੇ ਗੇਟ ਤੋਂ ਈਰਾਨ ਤੋਂ ਪਾਕਿਸਤਾਨ ਆਵਾਜਾਈ ਹੁੰਦੀ ਹੈ।
ਪਾਕਿਸਤਾਨ ਦੀ ਪ੍ਰਮੁੱਖ ਸਾਈਟ ਡਾਨ ਮੁਤਾਬਕ ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਜਿਯਾਉੱਲਾ ਲੈਂਗੋਵ ਨੇ ਦੱਸਿਆ ਕਿ ਈਰਾਨ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੇ ਮੱਦੇਨਜ਼ਰ ਐਤਵਾਰ ਨੂੰ ਅਸਥਾਈ ਰੂਪ ਨਾਲ ਸਰਹੱਦ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਈਰਾਨ ਜਾਣ ਵਾਲੀਆਂ ਸੜਕਾਂ ਵੀ ਰੋਕ ਦਿੱਤੀਆਂ ਗਈਆਂ ਹਨ।