ਪਾਕਿਸਤਾਨ ''ਚ ਨਾਬਾਲਗਾ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ''ਚ ਚੀਨੀ ਨਾਗਰਿਕ ਗ੍ਰਿਫ਼ਤਾਰ
Sunday, Sep 18, 2022 - 01:47 PM (IST)
ਇਸਲਾਮਾਬਾਦ- ਪਾਕਿਸਤਾਨ 'ਚ ਇਕ ਨਾਬਾਲਗਾ ਦਾ ਕਈ ਮਹੀਨਿਆਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਚੀਨ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਅਖਬਾਰ ਡਾਨ 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਚੀਨ ਦੇ ਨਾਗਰਿਕ ਦੇ ਨਾਲ ਬਤੌਰ ਅਨੁਵਾਦਕ ਕੰਮ ਕਰ ਰਹੀ 16 ਸਾਲਾਂ ਇਕ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਖ਼ਬਾਰ ਨੇ ਨਾਬਾਲਗਾ ਦੀ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਕੰਮ ਸ਼ੁਰੂ ਕਰਨ ਦੇ ਤੁਰੰਤ ਬਾਅਦ ਹੀ ਦੋਸ਼ੀ ਨੇ ਪੀੜਤਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਖ਼ਬਰ ਮੁਤਾਬਕ ਦੋਸ਼ੀ ਨੇ ਇਸ ਸਾਲ ਜਨਵਰੀ 'ਚ ਨਾਬਾਲਗਾ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਲਗਾਤਾਰ ਉਸ ਨਾਲ ਦੁਸ਼ਕਰਮ ਕਰਦਾ ਰਿਹਾ। ਦੋਸ਼ੀ ਨੇ ਪੀੜਤਾ ਨੂੰ ਸ਼ਿਕਾਇਤ ਦਰਜ ਕਰਵਾਉਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਲੜਕੀ ਗਰਭਵਤੀ ਹੋ ਗਈ ਪਰ ਉਸ ਨੇ ਆਪਣੇ ਪਰਿਵਾਰ ਤੋਂ ਇਸ ਗੱਲ ਨੂੰ ਛੁਪਾ ਕੇ ਰੱਖਿਆ। ਐੱਫ.ਆਈ.ਆਰ. ਅਨੁਸਾਰ ਪੀੜਤਾ ਦੀ ਵੱਡੀ ਭੈਣ ਨੇ ਉਸ ਦੀ ਹਾਲਤ 'ਤੇ ਗੌਰ ਕੀਤਾ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਈ ਜਿਥੇ ਡਾਕਟਰਾਂ ਨੇ ਦੱਸਿਆ ਕੇ ਨਾਬਾਲਗਾ 31 ਹਫਤੇ ਤੋਂ ਜ਼ਿਆਦਾ ਸਮੇਂ ਤੋਂ ਗਰਭਵਤੀ ਹੈ। ਇਸ ਤੋਂ ਬਾਅਦ ਪੀੜਤਾ ਨੇ ਪਰਿਵਾਰ ਦੇ ਨਾਲ ਪੁਲਸ ਨਾਲ ਸੰਪਰਕ ਕੀਤਾ।
ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਡਾਨ ਅਖ਼ਬਾਰ ਮੁਤਾਬਕ ਡੀ ਐੱਨ.ਏ. ਟੈਕਸ ਕਰਨ ਦੇ ਮਕਸਦ ਨਾਲ ਦੋਸ਼ੀ ਅਤੇ ਪੀੜਤਾ ਦੀ ਡਾਕਟਰੀ ਜਾਂਚ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ੱਕੀ ਨੇ ਨਾਬਾਲਗਾ ਨਾਲ ਸਰੀਰਕ ਸਬੰਧ ਬਣਾਉਣ ਦੀ ਗੱਲ ਕਬੂਲ ਕੀਤੀ, ਪਰ ਉਸ ਨੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਤੋਂ ਮਨ੍ਹਾ ਕੀਤਾ।