ਪਾਕਿਸਤਾਨ ਦੇ 2 ਟਾਪੂਆਂ ’ਤੇ ਕਬਜੇ ਦੀ ਤਿਆਰੀ ’ਚ ਚੀਨ
Tuesday, Oct 27, 2020 - 09:17 AM (IST)
ਇਸਲਾਮਾਬਾਦ- ਪਾਕਿਸਤਾਨ ’ਚ ਇਮਰਾਨ ਖਾਨ ਸਰਕਾਰ ਸਿੰਧ ਜਾਂ ਉਸ ਦੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਚੀਨ ਸਰਕਾਰ ਦੀ ਮੰਗ ’ਤੇ ਸਿੰਧ ਨਾਲ ਸਬੰਧਤ ਬੋਧੀ ਅਤੇ ਬੁੰਦਲ ਦੇ ਟਾਪੂਆਂ ’ਤੇ ਇਕ-ਪਾਸੜ ਕਬਜਾ ਕਰਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨ ਅਜਿਹਾ ਸਿਰਫ ਰੁਪਇਆਂ ਦੇ ਲਾਲਚ ’ਚ ਨਹੀਂ ਕਰ ਰਿਹਾ ਸਗੋਂ ਇਸਦੇ ਪਿੱਛੇ ਚੀਨ ਦੀ ਵੱਡੀ ਸਾਜਿਸ਼ ਹੈ। ਚੀਨ ਪਾਕਿਸਤਾਨ ਦੇ ਸਹਿਯੋਗ ਨਾਲ ਅਰਬ ਸਾਗਰ ’ਚ ਵਿਸਥਾਰ ਕਰ ਕੇ ਮਜ਼ਬੂਤ ਹੋਣਾ ਚਾਹੁੰਦਾ ਹੈ ਅਤੇ ਇਮਰਾਨ ਖਾਨ ਉਸ ਦੇ ਜਾਲ ’ਚ ਫਸ ਕੇ ਵੱਡੀ ਗਲਤੀ ਕਰ ਬੈਠੇ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਪਿਛਲੇ ਸਾਲ ਦੇ ਚੀਨ ਦੌਰੇ ਦੌਰਾਨ ਸਿੰਧ ਅਤੇ ਬਲੂਚਿਸਤਾਨ ਦੇ ਤਟ ਦੇ ਨਾਲ ਵੱਖ-ਵੱਖ ਟਾਪੂਆਂ ਦੇ ਵਿਕਾਸ ਦੀ ਇੱਛਾ ਪ੍ਰਗਟਾਈ ਸੀ। ਇਸ ਖੇਤਰ ’ਚ ਪੈਰ ਜਮਾਉਣ ਦੇ ਮਕਸਦ ਨਾਲ ਚੀਨ ਨੇ 8 ਟਾਪੂਆਂ ਦੇ ਵਿਕਾਸ ’ਚ ਆਪਣੀ ਹਿੱਸੇਦਾਰੀ ’ਤੇ ਸਹਿਮਤੀ ਵੀ ਦਿੱਤੀ ਸੀ। ਚੀਨ ਹੁਣ ਬੜੀ ਹੀ ਚਲਾਕੀ ਨਾਲ ਇਨ੍ਹਾਂ ਦੋਵਾਂ ਟਾਪੂਆਂ ’ਤੇ ਕਬਜੇ ਦੀ ਨੀਅਤ ਨਾਲ ਅੱਗੇ ਵਧਦਾ ਜਾ ਰਿਹਾ ਹੈ। ਇਨ੍ਹਾਂ ਟਾਪੂਆਂ ਦੇ ਵਿਕਾਸ ਨਾਲ ਸਬੰਧਤ ਸਾਰੇ ਕੰਮ ਚੀਨੀ ਇੰਜੀਨੀਅਰਾਂ ਵਲੋਂ ਹੀ ਕੀਤੇ ਗਏ ਹਨ, ਇਨ੍ਹਾਂ ’ਚੋਂ ਗਵਾਦਰ ਅਤੇ ਕਰਾਚੀ ਸ਼ਿਪਯਾਰਡ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਦੇ ਕੰਮ ਵੀ ਸ਼ਾਮਲ ਹਨ।
ਸਿੰਧ ’ਚ ਗੁੱਸੇ ਦੀ ਲਹਿਰ
ਓਧਰ ਸਿੰਧ ’ਚ ਗੁੱਸੇ ਦੀ ਲਹਿਰ ਹੈ। ਸਿੰਧ ਦੀ ਸਰਕਾਰ ਅਤੇ ਨੇਤਾਵਾਂ ਦੇ ਨਾਲ-ਨਾਲ ਕਈ ਬਲੂਚ ਪਾਰਟੀਆਂ ਵੀ ਇਸ ਫੈਸਲੇ ਦੇ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਆਰਟੀਕਲ 172 ਅਤੇ 18ਵੇਂ ਸੰਵਿਧਾਨਕ ਸੋਧਾਂ ਦੇ ਆਧਾਰ ’ਤੇ ਕਾਨੂੰਨੀ ਲੜਾਈ ਲੜਣ ਦੀ ਵੀ ਤਿਆਰੀ ਹੈ। ਪਾਕਿਸਤਾਨੀ ਸੰਵਿਧਾਨ ਦੇ ਆਰਟੀਕਲ 172 ’ਚ ਰਾਜਸੀ ਸਰਕਾਰ ਨੂੰ ਇਕ ਸੂਬੇ ਦੀ ਜਾਇਦਾਦ ਦੀ ਸਹੀ ਮਾਲਕੀ ਪ੍ਰਦਾਨ ਕੀਤੇ ਜਾਣ ਦੀ ਵਿਵਸਥਾ ਹੈ। ਉਥੇ ਹੀ 18ਵੀਂ ਸੋਧ ਰਾਸ਼ਟਰਪਤੀ ਨੂੰ ਰਾਜ ਤੋਂ ਇਕ ਸੰਸਦੀ ਲੋਕ-ਰਾਜ ’ਚ ਬਦਲ ਕੇ ਇਕ-ਪਾਸੜ ਫ਼ੈਸਲਾ ਲੈਣ ਤੋਂ ਰੋਕਦਾ ਹੈ।