ਹੁਣ ਪਾਕਿ 'ਚ ਖੁੱਲ੍ਹੇਗਾ ਚੀਨ ਦਾ ਸਰਕਾਰੀ ਬੈਂਕ
Wednesday, Sep 20, 2017 - 10:09 AM (IST)

ਕਰਾਚੀ(ਇੰਟ.)— ਪਾਕਿਸਤਾਨ ਅਤੇ ਚੀਨ ਦੀ ਵਧਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨੂੰ ਆਪਸੀ ਤੌਰ 'ਤੇ ਮਜ਼ਬੂਤੀ ਦੇਣ ਦੇ ਮਕਸਦ ਨਾਲ ਹੁਣ ਪਾਕਿਸਤਾਨ 'ਚ ਪੇਈਚਿੰਗ ਦਾ ਦੂਸਰਾ ਬੈਂਕ ਖੁੱਲ੍ਹਣ ਜਾ ਰਿਹਾ ਹੈ। ਬੈਂਕ ਆਫ ਚਾਈਨਾ (ਐੱਸ. ਬੀ. ਪੀ.) ਲਿਮਟਿਡ ਹੁਣ ਪਾਕਿਸਤਾਨ 'ਚ ਜਲਦੀ ਹੀ ਆਪਣੀ ਸ਼ਾਖਾ ਖੋਲ੍ਹ ਸਕਦਾ ਹੈ। ਇਹ ਬੈਂਕ ਚੀਨ ਸਰਕਾਰ ਵਲੋਂ ਚਲਾਈ ਜਾ ਰਹੀ ਇਨਵੈਸਟਮੈਂਟ ਕੰਪਨੀ ਚਾਈਨਾ ਸੈਂਟਰਲ ਹੁਈਜਿਨ ਅਧੀਨ ਕੰਮ ਕਰਦਾ ਹੈ। ਇਹ ਬੈਂਕ 50 ਦੇਸ਼ਾਂ ਵਿਚ ਫੈਲਿਆ ਹੋਇਆ ਹੈ, ਜਿਨ੍ਹਾਂ ਵਿਚੋਂ 19 ਚੀਨ ਦੇ 'ਵਨ ਬੈਲਟ, ਵਨ ਰੋਡ' ਪਹਿਲ ਤਹਿਤ ਆਉਂਦੇ ਹਨ।
ਬੈਂਕ ਆਫ ਚਾਈਨਾ ਦੂਜਾ ਚੀਨੀ ਬੈਂਕ ਹੈ, ਜੋ ਪਾਕਿਸਤਾਨ 'ਚ ਐਂਟਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2011 ਤੋਂ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਪਾਕਿਸਤਾਨ 'ਚ ਕੰਮ ਕਰ ਰਿਹਾ ਹੈ।