ਪਾਕਿ : ਮਦਰਸੇ ''ਚ ਧਮਾਕਾ,7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 123 ਲੋਕ ਜ਼ਖਮੀ (ਤਸਵੀਰਾਂ)
Tuesday, Oct 27, 2020 - 06:20 PM (IST)
ਪੇਸ਼ਾਵਰ (ਵਾਰਤਾ):: ਪਾਕਿਸਤਾਨ ਦੇ ਪੇਸ਼ਾਵਰ ਵਿਚ ਮੰਗਲਵਾਰ ਨੂੰ ਇਕ ਮਦਰਸੇ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 26 ਬੱਚਿਆਂ ਸਮੇਤ 123 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
A blast has been reported in Peshawar’s Dir Colony, according to police: Pakistan media
— ANI (@ANI) October 27, 2020
ਪੇਸ਼ਾਵਰ ਸ਼ਹਿਰ ਦੇ ਪੁਲਸ ਅਧਿਕਾਰੀ ਵਕਾਰ ਅਜ਼ੀਮ ਨੇ ਕਿਹਾ ਕਿ ਪੇਸ਼ਾਵਰ ਸ਼ਹਿਰ ਦੀ ਦੀਰ ਕਾਲੋਨੀ ਵਿਚ ਸਥਿਤ ਮਦਰਸੇ ਵਿਚ ਸਵੇਰ ਦੀ ਨਮਾਜ਼ ਦੇ ਬਾਅਦ ਧਮਾਕਾ ਹੋਇਆ। ਕਿਸੇ ਅਣਪਛਾਤੇ ਵਿਅਕਤੀ ਨੇ ਵਿਸਫੋਟਕ ਸਮੱਗਰੀ ਨਾਲ ਭਰਿਆ ਬੈਗ ਮਦਰਸੇ ਦੀ ਕੰਧ ਨੇੜੇ ਰੱਕ ਦਿੱਤਾ ਸੀ, ਜਿਸ ਦੇ ਧਮਾਕੇ ਵਿਚ 7 ਬੱਚੇ ਮਾਰੇ ਗਏ ਅਤੇ 123 ਹੋਰ ਜ਼ਖਮੀ ਹੋ ਗਏ। ਉਹਨਾਂ ਨੇ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਬੱਚੇ ਜਦੋਂ ਮਦਰਸੇ ਵਿਚ ਆ ਰਹੇ ਸਨ, ਉਦੋਂ ਧਮਾਕਾ ਹੋਇਆ।
ਜ਼ਖਮੀ ਬੱਚਿਆਂ ਨੂੰ ਲੇਡੀ ਰੀਡਿੰਗ ਹਸਪਤਾਲ ਅਤੇ ਮੈਡੀਕਲ ਸਹੂਲਤ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ ਹੈ। ਕਈ ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਧਮਾਕੇ ਵਿਚ ਮਾਰੇ ਗਏ ਸੱਤ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ 123 ਲੋਕ ਜ਼ਖਮੀ ਹੋਏ ਹਨ। ਖੈਬਰ ਪਖਤੂਨਖਵਾ ਦੇ ਪੁਲਸ ਪ੍ਰਮੁੱਖ ਸਨਾਉੱਲਾਹ ਅੱਬਾਸੀ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।
ਪੁਲਸ ਮੁਤਾਬਕ, ਜਦੋਂ ਬੰਬ ਧਮਾਕਾ ਹੋਇਆ ਉਦੋਂ ਲੱਗਭਗ 40-50 ਬੱਚੇ ਮਦਰਸੇ ਦੇ ਅੰਦਰ ਮੌਜੂਦ ਸਨ। ਮਦਰਸਾ ਪ੍ਰਸ਼ਾਸਨ ਨੇ ਕਿਹਾ ਕਿ ਸੰਸਥਾ ਵਿਚ ਲੱਗਭਗ 1,100 ਵਿਦਿਆਰਥੀ ਪੜ੍ਹਦੇ ਹਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਬੱਚਿਆਂ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਕਾਮਰਾਨ ਬੰਗਸ਼ ਨੇ ਕਿਹਾ ਕਿ ਧਮਾਕੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਵੇਗੀ।
ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਸ ਦੀਆਂ ਟੀਮਾਂ ਸਬੂਤ ਇਕੱਠੇ ਕਰ ਰਹੀਆਂ ਹਨ। ਕਿਸੇ ਵੀ ਸਮੂਹ ਨੇ ਹੁਣ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਖੈਬਰ ਪਖਤੂਨਖਵਾ ਸਿਹਤ ਮੰਤਰੀ ਤੈਮੂਰ ਸਲੀਮ ਝਾਗਰਾ ਨੇ ਘਟਨਾ ਸਥਲ ਦਾ ਦੌਰਾ ਕੀਤਾ। ਮ੍ਰਿਤਕਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਹੈ। ਪੀ.ਐੱਮ.ਐੱਲ-.ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੇ ਇਸ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਕਰਾਰ ਦਿੱਤਾ। ਜੀਓ ਨਿਊਜ਼ ਦੇ ਹਵਾਲੇ ਨਾਲ ਪੁਲਸ ਅਧਿਕਾਰੀਆਂ ਦੇ ਮੁਤਾਬਕ, ਧਮਾਕੇ ਦੀ ਪ੍ਰਕਿਤੀ ਦੇ ਬਾਰੇ ਵਿਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।