ਰੱਖਿਆ ਦਿਵਸ ਮੌਕੇ ਇਮਰਾਨ ਤੇ ਬਾਜਵਾ ਨੇ ਗਾਇਆ ਪਾਕਿਸਤਾਨ ਦਾ ਰਾਗ
Friday, Sep 07, 2018 - 09:42 PM (IST)

ਇਸਲਾਮਾਬਾਦ— ਕਸ਼ਮੀਰ ਮੁੱਦਾ ਚੁੱਕਦੇ ਹੋਏ ਪਾਕਿਸਤਾਨ ਨੇ ਇਕ ਵਾਰ ਫਿਰ ਆਪਣਾ ਹੀ ਰਾਗ ਗਾਇਆ ਹੈ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਜੰਮੂ ਕਸ਼ਮੀਰ 'ਚ 'ਆਤਮ ਨਿਰਣੈ' ਪ੍ਰਤੀ ਪਾਕਿਸਤਾਨ ਦਾ ਸਮਰਥਨ ਦੁਹਰਾਇਆ ਹੈ। ਵੀਰਵਾਰ ਨੂੰ ਰਾਵਲਪਿੰਡੀ 'ਚ ਪਾਕਿਸਤਾਨੀ ਫੌਜ ਦੇ ਮੁੱਖ ਦਫਤਰ 'ਚ ਆਯੋਜਿਤ ਰੱਖਿਆ ਤੇ ਸ਼ਹੀਦ ਦਿਵਸ ਮੌਕੇ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਜੰਮੂ ਦੇ ਲੋਕਾਂ ਦਾ ਆਤਮ ਨਿਰਣੈ ਦੇ ਅਧਿਕਾਰ ਲਈ ਸੰਘਰਸ਼ ਦਾ ਸਮਰਥਨ ਕਰਦਾ ਹੈ। ਪਾਕਿਸਤਾਨ ਭਾਰਤ ਦੇ ਨਾਲ 1965 ਦੀ ਲੜਾਈ ਦੀ ਵਰ੍ਹੇਗੰਢ ਦੇ ਤੌਰ 'ਤੇ ਸਤੰਬਰ ਨੂੰ ਰੱਖਿਆ ਤੇ ਸ਼ਹੀਦ ਦਿਵਸ ਮਨਾਉਂਦਾ ਹੈ।
ਬਾਜਵਾ ਨੇ ਕਿਹਾ ਕਿ ਅਸੀਂ 65 ਤੇ 71 ਦੀਆਂ ਲੜਾਈਆਂ ਤੋਂ ਬਹੁਤ ਕੁਝ ਸਿੱਖਿਆ ਹੈ। ਅਸੀਂ ਇਨ੍ਹਾਂ ਲੜਾਈਆਂ ਕਾਰਨ ਆਪਣੇ ਰੱਖਿਆ ਬਲਾਂ ਨੂੰ ਹੋਰ ਮਜ਼ਬੂਤ ਕਰਨ 'ਚ ਸਮਰਥ ਹੋਏ ਹਾਂ। ਔਖੇ ਆਰਥਿਕ ਹਾਲਾਤਾਂ ਦੇ ਬਾਵਜੂਦ ਅਸੀਂ ਪ੍ਰਮਾਣੂ ਤਾਕਤ ਬਣ ਸਕੇ। ਉਨ੍ਹਾਂ ਨੇ ਕਿਹਾ ਕਿ 6 ਸਤੰਬਰ, 1965 ਸਾਡੇ ਦੇਸ਼ ਦੇ ਇਤਿਹਾਸ 'ਚ ਇਕ ਮਹੱਤਵਪੂਰਨ ਦਿਨ ਹੈ। ਪਾਕਿਸਤਾਨੀ ਫੌਜੀਆਂ ਨੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਣ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁਆਂਢੀ ਦੇਸ਼ ਅਫਗਾਨਿਸਤਾਨ 'ਚ ਦੇਸ਼ ਦੀ ਸ਼ਮੂਲੀਅਤ 'ਤੇ ਕਿਹਾ ਕਿ ਅਸੀਂ ਕਿਸੇ ਹੋਰ ਦੇਸ਼ ਦੀ ਲੜਾਈ ਦਾ ਹਿੱਸਾ ਨਹੀਂ ਬਣਾਂਗੇ। ਸਾਡੀ ਵਿਦੇਸ਼ ਨੀਤੀ ਦੇਸ਼ ਦੇ ਹਿੱਤ 'ਚ ਹੋਵੇਗੀ। ਪਾਕਿਸਤਾਨ ਸ਼ੀਤ ਯੁੱਧ ਦੌਰਾਨ ਅਮਰੀਕਾ ਦਾ ਸਹਿਯੋਗੀ ਸੀ ਤੇ ਉਸ ਨੇ ਅਫਗਾਨਿਸਤਾਨ 'ਚ ਸੋਵੀਅਤ ਸੰਘ ਦੇ ਨਾਲ ਅਮਰੀਕਾ ਦੀ ਲੜਾਈ ਲੜੀ ਸੀ। ਖਾਨ ਨੇ ਅੱਤਵਾਦ ਦਾ ਮੁਕਾਬਲਾ ਕਰਨ ਨੂੰ ਲੈ ਕੇ ਹਥਿਆਰਬੰਦ ਬਲਾਂ ਦੀ ਸ਼ਲਾਘਾ ਕੀਤੀ।