ਅਮਰੀਕਾ ਦੇ ਇਸ਼ਾਰੇ ’ਤੇ ਨੱਚ ਰਿਹਾ ਪਾਕਿ ਫੌਜ ਮੁਖੀ

Monday, Nov 03, 2025 - 08:46 PM (IST)

ਅਮਰੀਕਾ ਦੇ ਇਸ਼ਾਰੇ ’ਤੇ ਨੱਚ ਰਿਹਾ ਪਾਕਿ ਫੌਜ ਮੁਖੀ

ਇਸਲਾਮਾਬਾਦ (ਵਿਨੋਦ)-ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਅਮਰੀਕਾ ਦੇ ਇਸ਼ਾਰੇ ’ਤੇ ਤਾਲਿਬਾਨ ਨਾਲ ਝਗੜਾ ਮੁੱਲ ਲੈ ਰਹੇ ਹਨ। ਉਨ੍ਹਾਂ ਨੇ ਇਸ ਲਈ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨੀ ਸਰਕਾਰ ਨੂੰ ਵੀ ਬਾਈਪਾਸ ਕਰ ਦਿੱਤਾ ਹੈ।ਨਤੀਜੇ ਵਜੋਂ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਸਬੰਧ ਸੁਧਾਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਰਹੀਆਂ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਤੁਰਕੀ ਦੇ ਇਸਤਾਂਬੁਲ ’ਚ ਹੋ ਰਹੀ ਪਾਕਿਸਤਾਨ-ਅਫਗਾਨਿਸਤਾਨ ਸ਼ਾਂਤੀ ਵਾਰਤਾ ਜੰਗਬੰਦੀ ਲਈ ਕਾਇਮ ਹੈ ਪਰ ਬਿਨਾਂ ਕਿਸੇ ਠੋਸ ਨਤੀਜੇ ਦੇ ਖਤਮ ਹੋ ਗਈ ਹੈ।

ਹਾਲਾਂਕਿ, ਇਸ ਦੌਰਾਨ ਬੰਦ ਦਰਵਾਜ਼ਿਆਂ ਪਿੱਛੇ ਹੋਏ ਦੋ ਖੁਲਾਸਿਆਂ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਪਹਿਲਾ ਖੁਲਾਸਾ ਇਹ ਹੋਇਆ ਹੈ ਕਿ ਅਮਰੀਕਾ ਅਫਗਾਨਿਸਤਾਨ ਦੇ ਅੰਦਰ ਹਵਾਈ ਹਮਲੇ ਕਰਨ ਲਈ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਇਨ੍ਹਾਂ ਹਮਲਿਆਂ ਨੂੰ ਰੋਕਣ ’ਚ ਆਪਣੀ ਬੇਵਸੀ ਵੀ ਜ਼ਾਹਿਰ ਕਰ ਰਿਹਾ ਹੈ।

ਦੂਜਾ ਖੁਲਾਸਾ, ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਅਫਗਾਨਿਸਤਾਨ ਨਾਲ ਤਣਾਅ ਵਧਾਉਣ ਲਈ ਸ਼ਾਹਬਾਜ਼ ਸ਼ਰੀਫ ਨੂੰ ਪਾਸੇ ਕਰ ਰਹੀ ਹੈ। ਦਰਅਸਲ, ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਸਿਖਰ ’ਤੇ ਚੱਲ ਰਿਹਾ ਹੈ।

ਇਸ ਮਹੀਨੇ ਦੀ ਸ਼ੁਰੂਆਤ ’ਚ ਪਾਕਿਸਤਾਨ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ ’ਚ ਹਵਾਈ ਹਮਲੇ ਅਤੇ ਗੋਲੀਬਾਰੀ ਕੀਤੀ ਸੀ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਾਸਿਮ ਮੁਨੀਰ ਨੂੰ ਅਮਰੀਕਾ ਦਾ ਆਸ਼ੀਰਵਾਦ ਪ੍ਰਾਪਤ ਹੈ। ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਟਰੰਪ ਜਨਰਲ ਮੁਨੀਰ ਨੂੰ ਵ੍ਹਾਈਟ ਹਾਊਸ ’ਚ ਲੰਚ ’ਤੇ ਵੀ ਬੁਲਾ ਚੁੱਕੇ ਹਨ।


author

Hardeep Kumar

Content Editor

Related News