ਪਾਕਿ: ਜਾਇਦਾਦ ਦਾ ਬਿਓਰਾ ਨਾ ਦੇਣ ''ਤੇ 332 ਸੰਸਦ ਮੈਂਬਰ, ਵਿਧਾਇਕ ਮੁਅੱਤਲ
Wednesday, Jan 16, 2019 - 09:16 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਸਣੇ 332 ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦਾ ਬਿਓਰਾ ਚੋਣ ਕਮਿਸ਼ਨ ਨੂੰ ਜਮਾ ਨਾ ਕਰਵਾਉਣ ਕਾਰਨ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 332 ਮੈਂਬਰਾਂ ਦੀ ਮੈਂਬਰਤਾ ਮੁਅੱਤਲ ਕਰਦੇ ਹੋਏ ਕਿਹਾ ਕਿ 1174 ਸੰਸਦ ਮੈਂਬਰਾਂ ਤੇ ਵਿਧਾਇਕਾਂ 'ਚੋਂ 839 ਨੇ ਹੀ ਆਪਣੀਆਂ ਜਾਇਦਾਦਾਂ ਦੀ ਬਿਓਰਾ ਦਿੱਤਾ ਹੈ। ਦੁਨੀਆ ਨਿਊਜ਼ ਦੀ ਖਬਰ ਮੁਤਾਬਕ ਮੁਅੱਤਲ ਕੀਤੇ ਗਏ ਮੈਂਬਰਾਂ 'ਚ ਨੈਸ਼ਨਲ ਅਸੈਂਬਲੀ ਦੇ 72, ਸੈਨੇਟ ਦੇ 20, ਪੰਜਾਬ ਵਿਧਾਨ ਸਭਾ ਦੇ 115 ਸਿੰਧ ਵਿਧਾਨ ਸਭਾ ਦੇ 52, ਖੈਬਰ ਪਖਤੂਨਖਵਾ ਦੇ 54 ਤੇ ਬਲੋਚਿਸਤਾਨ ਦੇ 19 ਮੈਂਬਰ ਸ਼ਾਮਲ ਹਨ।
ਖਬਰ ਮੁਤਾਬਕ ਇਨ੍ਹਾਂ 'ਚ ਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਤੇ ਸਿਹਤ ਮੰਤਰੀ ਆਮਿਰ ਕਿਆਨੀ ਵੀ ਸ਼ਾਮਲ ਹਨ। ਮੁਅੱਤਲ ਮੈਂਬਰ ਸੰਸਦੀ ਕੰਮਕਾਜ 'ਚ ਹਿੱਸਾ ਨਹੀਂ ਲੈ ਸਕਣਗੇ। ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਜਦੋਂ ਤੱਕ ਇਹ ਮੈਂਬਰ ਆਪਣੀਆਂ ਜਾਇਦਾਦਾਂ ਤੇ ਦੇਣਦਾਰੀ ਦਾ ਬਿਓਰਾ ਜਮਾ ਨਹੀਂ ਕਰਵਾਉਂਦੇ, ਉਦੋਂ ਤੱਕ ਉਹ ਮੁਅੱਤਲ ਹੀ ਰਹਿਣਗੇ।