ਚਲਾਨ ਦੀ ਬਜਾਏ 500 ਰੁਪਏ ਲੈਣ ’ਤੇ ਕਾਂਸਟੇਬਲ ਮੁਅੱਤਲ
Wednesday, Jul 30, 2025 - 01:42 PM (IST)

ਚੰਡੀਗੜ੍ਹ (ਸੁਸ਼ੀਲ) : ਪੰਜਾਬ ਅਤੇ ਹਰਿਆਣਾ ਦੀ ਗੱਡੀ ਰੋਕ ਕੇ ਪੈਸੇ ਵਸੂਲਣ ਦਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਾਰ ਚਾਲਕ ਨੂੰ ਚਲਾਨ ਦੀ ਧਮਕੀ ਦੇਣ ਤੋਂ ਬਾਅਦ ਟ੍ਰੈਫਿਕ ਵਿੰਗ 'ਚ ਤਾਇਨਾਤ ਕਾਂਸਟੇਬਲ 500 ਰੁਪਏ ਲੈਂਦੇ ਹੋਏ ਮੋਬਾਇਲ ਫੋਨ 'ਚ ਕੈਦ ਹੋ ਗਿਆ। ਕਾਂਸਟੇਬਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ. ਐੱਸ. ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਨੇ ਕਾਂਸਟੇਬਲ ਪ੍ਰਵੀਨ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਟ੍ਰੈਫਿਕ ਵਿੰਗ ਦੇ ਕਾਂਸਟੇਬਲ ਪ੍ਰਵੀਨ ਨੇ ਸੈਕਟਰ-45/46/47/48 ਦੇ ਚੌਰਾਹੇ ’ਤੇ ਸਲਿੱਪ ਰੋਡ ’ਤੇ ਪੰਚਕੂਲਾ ਦੇ ਰਹਿਣ ਵਾਲੇ ਇੱਕ ਕਾਰ ਚਾਲਕ ਨੂੰ ਰੋਕਿਆ ਸੀ। ਮੋਬਾਇਲ ਕੈਮਰੇ ਵਿਚ ਕੈਦ ਹੋਈ ਵੀਡੀਓ ਵਿਚ ਦਿਖ ਰਿਹਾ ਹੈ ਕਿ ਕਾਰ ਸਵਾਰ ਇਕ ਪਰਿਵਾਰ ਭਾਰੀ ਮੀਂਹ ਕਾਰਨ ਪਾਣੀ ਨਾਲ ਭਰੀ ਹੋਈ ਸਲਿੱਪ ਰੋਡ ਤੋਂ ਬਚਣ ਲਈ ਇੱਕ ਵਿਕਲਪਿਕ ਸੁਰੱਖਿਅਤ ਰਸਤਾ ਅਪਣਾ ਰਿਹਾ ਹੈ। ਇਸ ਦੌਰਾਨ ਇੱਕ ਟ੍ਰੈਫਿਕ ਪੁਲਸ ਵਾਲਾ ਪ੍ਰਵੀਨ ਉਨ੍ਹਾਂ ਨੂੰ ਰੋਕਦਾ ਹੈ ਅਤੇ ਚਲਾਨ ਜਾਰੀ ਕਰਨ ਬਾਰੇ ਗੱਲ ਕਰਦਾ ਹੈ। ਕਾਰ ਚਾਲਕ 500 ਰੁਪਏ ਕੱਢ ਕੇ ਕਾਂਸਟੇਬਲ ਨੂੰ ਦਿੰਦਾ ਹੈ ਅਤੇ ਕਾਂਸਟੇਬਲ 500 ਰੁਪਏ ਚਲਾਨ ਮਸ਼ੀਨ ਦੇ ਹੇਠਾਂ ਰੱਖ ਕੇ ਚਲਾ ਜਾਂਦਾ ਹੈ। ਇਸ ਦੀ ਵੀਡੀਓ ਬਣਨ ਦਾ ਅੰਦਾਜ਼ਾ ਕਾਂਸਟੇਬਲ ਨੂੰ ਨਹੀਂ ਲੱਗਿਆ
ਟ੍ਰੈਫਿਕ ਪੁਲਸ ਲਾਈਨ ਦੇ ਮੁਨਸ਼ੀ ਨੂੰ ਹਟਾਇਆ, ਏ. ਐੱਸ. ਆਈ. ਨੂੰ ਲਗਾਇਆ
ਟ੍ਰੈਫਿਕ ਵਿੰਗ ਸੈਕਟਰ-29 ਪੁਲਸ ਲਾਈਨ ਦੇ ਮੁਨਸ਼ੀ ਨੂੰ ਹਟਾ ਦਿੱਤਾ ਗਿਆ। ਹੈੱਡ ਕਾਂਸਟੇਬਲ ਰਾਹੁਲ ਯਾਦਵ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਏ.ਐੱਸ.ਆਈ. ਵੀਰੇਂਦਰ ਨੂੰ ਮੁਨਸ਼ੀ ਦਾ ਚਾਰਜ ਦਿੱਤਾ ਗਿਆ ਹੈ। ਡੀ. ਜੀ. ਪੀ. ਸੁਰੇਂਦਰ ਸਿੰਘ ਯਾਦਵ ਦੇ ਤਬਾਦਲੇ ਤੋਂ ਬਾਅਦ ਟ੍ਰੈਫਿਕ ਵਿੰਗ ਦੇ ਕਰਮਚਾਰੀ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਦੇ ਸਨ ਅਤੇ ਚਲਾਨ ਦੇ ਨਾਮ ’ਤੇ ਪੈਸੇ ਵਸੂਲਦੇ ਸਨ। ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਣ ਦੀਆਂ ਕਈ ਵਾਰ ਚੰਡੀਗੜ੍ਹ ਪੁਲਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਜਾਰੀ ਕੀਤੀਆਂ ਗਈਆਂ ਸਨ।