ਸਾਊਦੀ ਅਰਬ ਅਤੇ ਯੂ.ਏ.ਈ. ਤੋਂ ਕਰੀਬ 2,400 ਪਾਕਿ ਕੈਦੀ ਰਿਹਾਅ
Monday, Nov 04, 2019 - 12:11 PM (IST)

ਇਸਲਾਮਾਬਾਦ (ਭਾਸ਼ਾ): ਪਿਛਲੇ ਇਕ ਸਾਲ ਦੌਰਾਨ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀਆਂ ਜੇਲਾਂ ਵਿਚ ਬੰਦ 2,400 ਤੋਂ ਵੱਧ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਪ੍ਰਵਾਸੀ ਪਾਕਿਸਤਾਨੀਆਂ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (OPHED) ਦੇ ਇਕ ਸੂਤਰ ਨੇ ਐਤਵਾਰ ਨੂੰ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਪਾਕਿਸਤਾਨ ਨੇ ਪੀ.ਟੀ.ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ) ਸਰਕਾਰ ਦੇ ਪਹਿਲੇ ਸਾਲ ਦੇ ਦੌਰਾਨ ਸਾਊਦੀ ਅਰਬ ਤੋਂ 1,245 ਅਤੇ ਅਮੀਰਾਤ ਤੋਂ 1,200 ਕੈਦੀਆਂ ਦੀ ਰਿਹਾਈ ਕਰਵਾਈ ਜੋ ਬੇਮਿਸਾਲ ਹੈ।
ਸੂਤਰ ਨੇ ਦੱਸਿਆ,''ਜਦੋਂ ਪੀ.ਟੀ.ਆਈ. ਸਰਕਾਰ ਸੱਤਾ ਵਿਚ ਆਈ, ਉਦੋਂ ਸਾਊਦੀ ਦੀਆਂ ਜੇਲਾਂ ਵਿਚ 3,300 ਪਾਕਿਸਤਾਨੀ ਕੈਦੀ ਸਨ ਜਦਕਿ ਯੂ.ਏ.ਈ. ਦੀਆਂ ਜੇਲਾਂ ਵਿਚ 2,521 ਪਾਕਿਸਤਾਨੀ ਜੇਲ ਦੀ ਸਜ਼ਾ ਕੱਟ ਰਹੇ ਸਨ। ਭਾਵੇਂਕਿ ਸਰਕਾਰ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਜੇਲਾਂ ਵਿਚ ਬੰਦ ਕੁੱਲ ਪਾਕਿਸਤਾਨੀ ਕੈਦੀਆਂ ਵਿਚੋਂ ਕ੍ਰਮਵਾਰ 38 ਫੀਸਦੀ ਅਤੇ 48 ਫੀਸਦੀ ਦੀ ਰਿਹਾਈ ਯਕੀਨੀ ਕਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਛੋਟੇ ਅਪਰਾਧਾਂ ਦੇ ਕਾਰਨ ਮੱਧ ਪੂਰਬ ਦੇ ਦੇਸ਼ਾਂ ਦੀਆਂ ਜੇਲਾਂ ਵਿਚ ਬੰਦ 2,259 ਪਾਕਿਸਤਾਨੀ ਕੈਦੀਆਂ ਨੂੰ ਵਿੱਤੀ ਅਤੇ ਕਾਨੂੰਨੀ ਮਦਦ ਦਿੱਤੀ ਤਾਂ ਜੋ ਉਨ੍ਹਾਂ ਦੀ ਰਿਹਾਈ ਯਕੀਨੀ ਕੀਤੀ ਜਾ ਸਕੇ।
ਸੂਤਰ ਨੇ ਅੱਗੇ ਦੱਸਿਆ ਕਿ ਸਾਊਦੀ ਅਰਬ ਅਤੇ ਯੂ.ਏ.ਈ. ਦੇ ਇਲਾਵਾ 55 ਪਾਕਿਸਤਾਨੀ ਕੈਦੀਆਂ ਨੂੰ ਓਮਾਨ ਤੋਂ ਰਿਹਾਅ ਕਰਵਾਇਆ ਗਿਆ। ਇਨ੍ਹਾਂ ਤੋਂ ਇਲਾਵਾ 18 ਕੁਵੈਤ ਤੋਂ, 17 ਬਹਿਰੀਨ ਤੋਂ, 14 ਕਤਰ ਤੋਂ ਅਤੇ 10 ਇਰਾਕ ਤੋਂ ਰਿਹਾਅ ਕਰਵਾਏ ਗਏ। ਮੰਤਰਾਲੇ ਨੇ ਕੈਂਪਾਂ ਵਿਚ ਫਸੇ ਮਲੇਸ਼ੀਆ ਦੇ 320 ਯਾਤਰੀਆਂ ਦੀ ਹਵਾਲਗੀ ਦੀ ਵਿਵਸਥਾ ਕੀਤੀ ਸੀ। ਥਾਈਲੈਂਡ ਦੇ 1,600 ਯਾਤਰੀਆਂ ਨੂੰ ਜੋ ਹਾਲ ਹੀ ਦੇ ਦਿਨਾਂ ਵਿਚ ਹਵਾਈ ਖੇਤਰ ਬੰਦ ਹੋਣ ਕਾਰਨ ਉੱਥੇ ਫਸੇ ਹੋਏ ਸਨ, ਇਰਾਕ ਤੋਂ 28 ਡਰਾਈਵਰਾਂ ਅਤੇ 5 ਤੋਂ ਵੱਧ ਤਸਕਰੀ ਵਾਲੇ ਬੱਚਿਆਂ ਮੱਧ ਪੂਰਬ ਤੋਂ ਅਨੈਤਿਕ ਉਦੇਸ਼ਾਂ ਦੇ ਲਈ ਲਿਆਂਦੇ ਗਏ ਸਨ, ਦੀ ਰਿਹਾਈ ਦੀ ਵਿਵਸਥਾ ਕੀਤੀ ਸੀ।