ਪਾਕਿ : ਯੂ-ਟਿਊਬਰ ਕੁੜੀ ਦੇ ਯੌਨ ਸ਼ੋਸ਼ਣ ਮਾਮਲੇ 'ਚ ਗ੍ਰਿਫ਼ਤਾਰ 155 ਸ਼ੱਕੀ ਹੋਏ ਰਿਹਾਅ

Tuesday, Sep 07, 2021 - 03:05 PM (IST)

ਲਾਹੌਰ (ਭਾਸ਼ਾ): ਪੁਲਸ ਨੇ ਇਤਿਹਾਸਿਕ ਮੀਨਾਰ-ਏ-ਪਾਕਿਸਤਾਨ ਵਿਚ ਆਜ਼ਾਦੀ ਦਿਹਾੜੇ ਮੌਕੇ ਇਕ ਯੂ-ਟਿਊਬਰ ਕੁੜੀ ਦੇ ਯੌਨ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ 155 ਸ਼ੱਕੀਆਂ ਨੂੰ ਰਿਹਾਅ ਕਰ ਦਿੱਤਾ ਹੈ। ਪੀੜਤਾ ਅਤੇ ਉਸ ਦੀ ਟੀਮ ਦੇ ਮੈਂਬਰ ਇਕ ਪਛਾਣ ਪਰੇਡ ਦੌਰਾਨ ਦੋਸ਼ੀਆਂ ਦੀ ਪਛਾਣ ਨਹੀਂ ਕਰ ਪਾਏ, ਜਿਸ ਕਾਰਨ ਸ਼ੱਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ।ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਘਟਨਾ 14 ਅਗਸਤ ਨੂੰ ਉਦੋਂ ਵਾਪਰੀ ਸੀ ਜਦੋਂ ਸੈਂਕੜੇ ਨੌਜਵਾਨ ਲਾਹੌਰ ਵਿਚ ਮੀਨਾਰ-ਏ-ਪਾਕਿਸਤਾਨ ਨੇੜੇ ਆਜ਼ਾਦੀ ਚੌਂਕ 'ਤੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਮਨਾ ਰਹੇ ਸਨ। ਇਸ ਘਟਨਾ ਨੇ ਦੇਸ਼ ਪੱਧਰੀ ਗੁੱਸਾ ਪੈਦਾ ਕਰ ਦਿੱਤਾ ਸੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਘਟਨਾ ਦੀ ਕਾਫੀ ਨਿੰਦਾ ਕੀਤੀ ਗਈ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਸੈਂਕੜੇ ਨੌਜਵਾਨਾਂ ਨੂੰ ਕੁੜੀ ਨੂੰ ਹਵਾ ਵਿਚ ਉਛਾਲਦੇ, ਘਸੀਟਦੇ, ਕੱਪੜੇ ਫਾੜਦੇ ਅਤੇ ਉਸ ਨਾਲ ਛੇੜਛਾੜ ਕਰਦਿਆਂ ਦੇਖਿਆ ਜਾ ਸਕਦਾ ਹੈ। ਸਾਰੇ ਦਲਾਂ ਦੇ ਸਿਆਸਤਦਾਨਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਵਿਚੋਂ ਕਈਆਂ ਨੇ ਇਸ ਨੂੰ 'ਯੌਨ ਅੱਤਵਾਦ' ਕਿਹਾ ਹੈ।

ਪੜ੍ਹੋ ਇਹ ਅਹਿਮ ਖਬਰ - ਅਫਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਲਗਾ ਰਿਹਾ ਪਾਕਿਸਤਾਨ : ਗ੍ਰਹਿ ਮੰਤਰੀ

ਲਾਹੌਰ ਪੁਲਸ ਨੇ ਕੁੜੀ ਅਤੇ ਉਸ ਦੇ ਸਾਥੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿਚ 400 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ਵਿਚ ਮਾਮਲੇ ਵਿਚ 161 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਪੀਟੀਆਈ-ਭਾਸ਼ਾ ਨੂੰ ਕਿਹਾ,''ਬੀਤੇ ਕੁਝ ਦਿਨਾਂ ਵਿਚ ਕੈਂਪ ਜੇਲ੍ਹ ਲਾਹੌਰ ਵਿਚ ਨਿਆਂਇਕ ਮਜਿਸਟ੍ਰੇਟ ਦੀ ਨਿਗਰਾਨੀ ਵਿਚ ਗ੍ਰਿਫ਼ਤਾਰ ਕੀਤੇ ਗਏ 161 ਸ਼ੱਕੀਆਂ ਦੀ ਪਛਾਣ ਪਰੇਡ ਆਯੋਜਿਤ ਕੀਤੀ ਗਈ ਸੀ। ਕੁੜੀ ਅਤੇ ਉਸ ਦੀ ਟੀਮ ਦੇ ਮੈਂਬਰ ਸਿਰਫ 6 ਸ਼ੱਕੀਆਂ ਦੀ ਪਛਾਣ ਕਰ ਪਾਏ ਜਿਸ ਦੇ ਬਾਅਦ ਪੁਲਸ ਨੇ ਮਜਿਸਟ੍ਰੇਟ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਹੁਣ 155 ਸ਼ੱਕੀਆਂ ਦੀ ਲੋੜ ਨਹੀਂ ਹੈ ਅਤੇ ਬਾਅਦ ਵਿਚ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।'' 

ਉਹਨਾਂ ਨੇ ਕਿਹਾ ਕਿ ਕੁੜੀ ਵੱਲੋਂ ਪਛਾਣੇ ਗਏ 6 ਸ਼ੱਕੀਆਂ ਨੂੰ 9 ਸਤੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਕੁਝ ਸ਼ੱਕੀਆਂ ਨੇ ਅਦਾਲਤ ਸਾਹਮਣੇ ਦੋਸ਼ ਲਗਾਇਆ ਕਿ ਕੁੜੀ ਨੇ ਖੁਦ ਉਹਨਾਂ ਨੂੰ ਵੀਡੀਓ ਬਣਾਉਣ ਲਈ ਮੀਨਾਰ-ਏ-ਪਾਕਿਸਤਾਨ ਵਿਚ ਸੱਦਾ ਦਿੱਤਾ ਅਤੇ ਜੋ ਕੁਝ ਉਸ ਨਾਲ ਹੋਇਆ ਉਸ ਲਈ ਸਿਰਫ ਉਹ ਜ਼ਿੰਮੇਵਾਰ ਸੀ।


Vandana

Content Editor

Related News