ਪਾਕਿ : ਬਲੋਚਿਸਤਾਨ ਸੂਬੇ ''ਚ 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ
Thursday, Apr 18, 2019 - 12:14 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਬਲੋਚਿਸਤਾਨ ਵਿਚ ਵੀਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇੱਥੇ ਇਕ ਹਾਈਵੇਅ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਬੱਸ ਵਿਚੋਂ ਘੱਟੋ-ਘੱਟ 14 ਯਾਤਰੀਆਂ ਨੂੰ ਉਤਾਰ ਕੇ ਗੋਲੀਆਂ ਮਾਰ ਦਿੱਤੀਆਂ। ਇਕ ਅੰਗਰੇਜ਼ੀ ਅਖਬਾਰ ਮੁਤਾਬਕ 15-20 ਹਥਿਆਰਬੰਦ ਹਮਲਾਵਰਾਂ ਨੇ ਮਕਰਾਨ ਕੋਸਟਲ ਹਾਈਵੇਅ 'ਤੇ ਕਰਾਚੀ ਅਤੇ ਗਵਾਦਰ ਵਿਚ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਉਨ੍ਹਾਂ ਅਣਪਛਾਤੇ ਹਮਲਾਵਰਾਂ ਨੇ ਫੌਜ ਦੀ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਨੇ ਮਕਰਾਨ ਕੋਸਟਲ ਹਾਈਵੇਅ 'ਤੇ ਕਰਾਚੀ ਅਤੇ ਗਵਾਦਰ ਵਿਚਾਲੇ ਯਾਤਰਾ ਕਰਨ ਵਾਲੀਆਂ 5-6 ਬੱਸਾਂ ਨੂੰ ਰੋਕ ਲਿਆ। ਇਨ੍ਹਾਂ ਵਿਚ ਸਵਾਰ 16 ਯਾਤਰੀਆਂ ਨੂੰ ਹੇਠਾਂ ਉਤਾਰ ਲਿਆ। ਬੁਜ਼ੀ ਟਾਪ ਇਲਾਕੇ ਵਿਚ ਬੰਦੂਕਧਾਰੀਆਂ ਨੇ ਇਕ ਬੱਸ ਨੂੰ ਰੋਕਿਆ ਅਤੇ ਯਾਤਰੀਆਂ ਦੇ ਪਛਾਣ ਪੱਤਰ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਘੱਟੋ-ਘੱਟ 14 ਯਾਤਰੀਆਂ ਨੂੰ ਹੇਠਾਂ ਉਤਾਰ ਲਿਆ ਗਿਆ ਅਤੇ ਗੋਲੀ ਮਾਰ ਦਿੱਤੀ ਗਈ।
ਭਾਵੇਂਕਿ ਇਨ੍ਹਾਂ ਯਾਤਰੀਆਂ ਵਿਚੋਂ ਦੋ ਯਾਤਰੀ ਭੱਜਣ ਵਿਚ ਸਫਲ ਰਹੇ ਅਤੇ ਨੇੜਲੇ ਚੈਕਪੋਸਟ 'ਤੇ ਪਹੁੰਚ ਗਏ। ਦੋਹਾਂ ਯਾਤਰੀਆਂ ਨੂੰ ਇਲਾਜ ਲਈ ਓਰਮਾਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਹੱਤਿਆ ਅਤੇ ਯਾਤਰੀਆਂ ਦੀ ਪਛਾਣ ਪਤਾ ਕਰਨ ਦੇ ਪਿੱਛੇ ਹਮਲਾਵਰਾਂ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਪਾਇਆ ਹੈ।