ਪਾਕਿ ਨੂੰ ਵਿਸ਼ਵ ਬੈਂਕ ਤੋਂ ਝਟਕਾ, ਰੋਕਿਆ 20 ਕਰੋੜ ਡਾਲਰ ਦਾ ਪ੍ਰਾਜੈਕਟ

04/02/2019 2:10:30 PM

ਇਸਲਾਮਾਬਾਦ (ਏਜੰਸੀ)— ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਜਲ ਸਰੋਤ ਪ੍ਰਾਜੈਕਟ ਲਈ 20 ਕਰੋੜ ਅਮਰੀਕੀ ਡਾਲਰ ਦਾ ਕਰਜ਼ ਫਿਲਹਾਲ ਰੋਕ ਦਿੱਤਾ ਹੈ। ਇਸ ਖਾਸ ਪ੍ਰਾਜੈਕਟ ਨੂੰ ਦਿੱਤੇ ਜਾਣ ਵਾਲੇ ਕਰਜ਼ ਨੂੰ ਮੁਲਤਵੀ ਕਰਨ ਦੇ ਵਿਸ਼ਵ ਬੈਂਕ ਦੇ ਫੈਸਲੇ ਦਾ ਮੁੱਖ ਕਾਰਨ ਇਸ ਦੀ ਤਰੱਕੀ ਅਤੇ ਕੰਟਰੋਲ ਵਿਚ ਕਮੀ ਦੱਸਿਆ ਗਿਆ ਹੈ। ਵਿਸ਼ਵ ਬੈਂਕ ਦੇ ਬੁਲਾਰੇ ਮਰਿਅਮ ਅਲਤਾਫ ਮੁਤਾਬਕ ਪ੍ਰਾਜੈਕਟ ਨੂੰ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 

ਵਿਸ਼ਵ ਬੈਂਕ ਨਾਲ ਬਲੋਚਿਸਤਾਨ ਇੰਟੀਗਰੇਟਡ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਪ੍ਰਾਜੈਕਟ 'ਤੇ 3 ਸਾਲ ਪਹਿਲਾਂ ਦਸਤਖਤ ਕੀਤੇ ਗਏ ਸਨ। ਬੈਂਕ ਨੇ ਇਸ ਪ੍ਰਾਜੈਕਟ ਦੀ 20 ਕਰੋੜ 97 ਲੱਖ ਡਾਲਰ ਦੀ ਅਨੁਮਾਨਤ ਲਾਗਤ ਵਿਚੋਂ 20 ਕਰੋੜ ਡਾਲਰ ਨੂੰ ਕਵਰ ਕਰਨ ਲਈ ਵਚਨਬੱਧਤਾ ਜ਼ਾਹਰ ਕੀਤੀ ਸੀ। ਪਰ ਬੈਂਕ ਨੇ ਪ੍ਰਾਜੈਕਟ ਦੇ ਪ੍ਰਬੰਧਨ ਵਿਚ ਤਰੱਕੀ, ਫੰਡਾਂ ਦੀ ਵੰਡ, ਨਾਗਰਿਕ ਕੰਮਾਂ ਨਾਲ ਅੱਗੇ ਵਧਣ ਅਤੇ ਕੰਟਰੋਲ ਵਿਚ ਕਈ ਕਮੀਆਂ ਪਾਈਆਂ। ਅਰਬ ਨਿਊਜ਼ ਨੇ ਵੀ ਵਿਸ਼ਵ ਬੈਂਕ ਦੇ ਹਵਾਲੇ ਨਾਲ ਇਸ ਨੂੰ ਮੰਦਭਾਗਾ ਦੱਸਿਆ। ਇਕ ਬਿਆਨ ਮੁਤਾਬਕ ਵਿਸ਼ਵ ਬੈਂਕ ਨੇ ਇਸ ਪ੍ਰਾਜੈਕਟ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਹੈ ਅਤੇ ਅਗਲੇ 30 ਦਿਨਾਂ ਤੱਕ ਬਲੋਚਿਸਤਾਨ ਸਰਕਾਰ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। 

ਇਹ ਪ੍ਰਾਜੈਕਟ ਅਕਤੂਬਰ 2022 ਵਿਚ ਪੂਰਾ ਹੋਣ ਵਾਲਾ ਹੈ। ਇਸ ਦਾ ਉਦੇਸ਼ ਬਲੋਚਿਸਤਾਨ ਵਿਚ ਨੀਯਤ ਸਿੰਚਾਈ ਪ੍ਰਾਜੈਕਟਾਂ ਲਈ ਜਲ ਸਰੋਤਾਂ ਨਿਗਰਾਨੀ ਅਤੇ ਪ੍ਰਬੰਧਨ ਲਈ ਸੂਬਾਈ ਸਰਕਾਰੀ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਭਾਈਚਾਰੇ 'ਤੇ ਆਧਾਰਿਤ ਜਲ ਪ੍ਰਬੰਧਨ ਵਿਚ ਸੁਧਾਰ ਕਰਨਾ ਹੈ। ਮੁੱਖ ਮੰਤਰੀ ਦੇ ਬੁਲਾਰੇ ਅਜ਼ੀਮ ਕਾਕਰ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕਵੇਟਾ ਸਥਿਤ ਵਿਕਾਸ ਮਾਹਰ ਅਦਨਾਨ ਆਮਿਰ ਨੇ ਵਿਸ਼ਵ ਬੈਂਕ ਦੀ ਕਾਰਵਾਈ 'ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਸ ਲਈ ਸੂਬਾਈ ਸਰਕਾਰੀ ਸਿਸਟਮ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਸੂਬੇ ਨੂੰ ਪਾਕਿਸਤਾਨ ਵਿਚ ਸਭ ਤੋਂ ਖਰਾਬ ਸਿਹਤ ਸੂਚਕ ਮੰਨਿਆ ਜਾਂਦਾ ਹੈ। ਲੱਗਭਗ 62 ਫੀਸਦੀ ਆਬਾਦੀ ਕੋਲ ਪੀਣ ਲਈ ਸਾਫ ਪਾਣੀ ਵੀ ਨਹੀਂ ਹੈ।


Vandana

Content Editor

Related News