ਪਾਕਿ ਵੱਲੋਂ ਅਮਰੀਕੀ ਨਾਗਰਿਕਾਂ ਲਈ 5 ਸਾਲ ਦੇ ਵੀਜ਼ੇ ਦਾ ਐਲਾਨ
Monday, Jun 10, 2019 - 04:19 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ 'ਮਲਟੀਪਲ-ਐਂਟਰੀ ਵੀਜ਼ਾ' ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਮਾਰਚ ਦੇ ਮਹੀਨੇ ਵਿਚ ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਮਿਆਦ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ। ਪਿਛਲੇ ਮਹੀਨੇ ਭੇਜੇ ਗਏ ਇਕ ਨੋਟ ਵਿਚ ਵਿਦੇਸ਼ ਮੰਤਰਾਲੇ ਨੇ ਅਮਰੀਕਾ ਸਥਿਤ ਪਾਕਿਸਤਾਨੀ ਕੂਟਨੀਤਕ ਮਿਸ਼ਨਾਂ ਨੂੰ ਸਲਾਹ ਦਿੱਤੀ ਸੀ ਕਿ ਅਮਰੀਕੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਉਹ ਨਵੀਂ ਨੀਤੀ ਦੀ ਪਾਲਣਾ ਕਰਨ।
ਵਿਦੇਸ਼ ਦਫਤਰ ਦੇ ਇਕ ਅਧਿਕਾਰੀ ਨੇ ਇਕ ਅਖਬਾਰ ਨੂੰ ਦੱਸਿਆ,''ਪੰਜ ਸਾਲਾ ਵੀਜ਼ਾ ਨਾਲ ਦੋਹਾਂ ਦੇਸ਼ਾਂ ਦੇ ਨਿਵੇਸ਼ਕਾਂ ਅਤੇ ਸੈਲਾਨੀਆਂ ਨੂੰ ਲਾਭ ਹੋਵੇਗਾ। ਇਹ ਵੀਜ਼ਾ ਨੀਤੀ ਟੂਰਿਜ਼ਮ ਅਤੇ ਕਾਰੋਬਾਰ ਵਿਚ ਸੁਧਾਰ ਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੋਚ ਮੁਤਾਬਕ ਹੈ।'' ਅਧਿਕਾਰੀ ਨੇ ਨਾਮ ਜਨਤਕ ਨਾ ਕੀਤੇ ਜਾਣ ਦੀ ਸ਼ਰਤ 'ਤੇ ਦੱਸਿਆ,''ਹੋ ਸਕਦਾ ਹੈ ਕਿ ਅਮਰੀਕਾ ਵੀ ਆਪਣੇ ਵੱਲੋਂ ਅਜਿਹਾ ਹੀ ਕਦਮ ਚੁੱਕੇ।''
ਇੱਥੇ ਦੱਸ ਦਈਏ ਕਿ ਅਮਰੀਕਾ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਵੀਜ਼ਾ ਨੀਤੀ ਵਿਚ ਤਬਦੀਲੀ ਦੀ ਮੰਗ ਕਰ ਰਿਹਾ ਸੀ। ਜਦੋਂ ਪਾਕਿਸਤਾਨ ਨੇ ਇਸ ਮੰਗ 'ਤੇ ਕੋਈ ਕਦਮ ਨਾ ਚੁੱਕਿਆ ਤਾਂ ਹਾਲ ਹੀ ਵਿਚ ਅਮਰੀਕਾ ਨੇ ਆਪਣੀ ਨੀਤੀ ਬਦਲ ਦਿੱਤੀ। ਬੀਤੀ 5 ਮਾਰਚ ਨੂੰ ਅਮਰੀਕਾ ਨੇ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਵੈਧਤਾ ਦੀ ਮਿਆਦ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ ਸੀ। ਉਸ ਨੇ ਇਹ ਐਲਾਨ ਵੀ ਕੀਤਾ ਸੀ ਕਿ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਆਪਣੇ ਯਾਤਰਾ ਪਰਮਿਟ ਦੇ ਨਵੀਨੀਕਰਨ ਦੇ ਬਿਨਾਂ ਦੇਸ਼ ਵਿਚ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅਪ੍ਰੈਲ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ 10 ਦੇਸ਼ਾਂ ਦੀ ਉਸ ਸੂਚੀ ਵਿਚ ਪਾ ਦਿੱਤਾ ਸੀ ਜਿਸ ਵਿਚ ਅਜਿਹੇ ਦੇਸ਼ ਨੂੰ ਪਾਇਆ ਜਾਂਦਾ ਹੈ ਜਿਹੜੇ ਅਮਰੀਕਾ ਤੋਂ ਵਾਪਸ ਦਿੱਤੇ ਗਏ ਜਾਂ ਨਿਰਧਾਰਤ ਵੀਜ਼ਾ ਮਿਆਦ ਤੋਂ ਜ਼ਿਆਦਾ ਸਮਾਂ ਤੱਕ ਅਮਰੀਕਾ ਵਿਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਹਨ।