ਬਲੂਚਾਂ ਤੋਂ ਡਰੇ ਇਮਰਾਨ ਖਾਨ, ਪਾਕਿ ''ਚ ਟਵਿੱਟਰ ਤੇ ਜ਼ੂਮ ਕੀਤੇ ਗਏ ਬਲਾਕ

Monday, May 18, 2020 - 05:58 PM (IST)

ਬਲੂਚਾਂ ਤੋਂ ਡਰੇ ਇਮਰਾਨ ਖਾਨ, ਪਾਕਿ ''ਚ ਟਵਿੱਟਰ ਤੇ ਜ਼ੂਮ ਕੀਤੇ ਗਏ ਬਲਾਕ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਐਤਵਾਰ ਨੂੰ ਸੋਸ਼ਲ ਮੀਡੀਆ ਵੈਬਸਾਈਟ ਟਵਿੱਟਰ ਅਤੇ ਵੀਡੀਓ ਸਟ੍ਰੀਮਿੰਗ ਵੈਬਸਾਈਟ ਜ਼ੂਮ ਕਈ ਘੰਟਿਆਂ ਤੱਕ ਬਲਾਕ ਰਹੀ। ਦੇਰ ਰਾਤ ਪਾਕਿਸਤਾਨ ਸਰਕਾਰ ਨੇ ਇਹਨਾਂ ਦੋਹਾਂ ਵੈਬਸਾਈਟਾਂ ਤੋਂ ਬਲਾਕ ਹਟਾ ਲਿਆ। ਮੰਨਿਆ ਜਾ ਰਿਹਾ ਹੈ ਕਿ ਬਲੂਚਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਹੋਈ 'ਸਾਥ ਵਰਚੁਅਲ ਕਾਨਫਰੰਸ' ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਡਰ ਗਈ ਅਤੇ ਉਸ ਨੇ ਟਵਿੱਟਰ ਅਤੇ ਜ਼ੂਮ ਨੂੰ ਬਲਾਕ ਕਰ ਦਿੱਤਾ।

ਬਲੋਚਿਸਤਾਨ ਪੋਸਟ ਦੀ ਖਬਰ ਦੇ ਮੁਤਾਬਕ ਟਵਿੱਟਰ, ਉਸ ਦੀ ਵੀਡੀਓ ਸਟ੍ਰੀਮਿੰਗ ਸਰਵਿਸ ਪੇਰਿਸਕੋਪ, ਵਰਚੁਅਲ ਵੀਡੀਓ ਕਾਨਫਰੰਸ ਵੈਬਸਾਈਟ ਜ਼ੂਮ ਨੂੰ ਕਈ ਘੰਟਿਆਂ ਲਈ ਬਲਾਕ ਕਰ ਦਿੱਤਾ ਗਿਆ। ਇੰਟਰਨੈੱਟ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਨੈੱਟਬਲਾਕ ਡਾਟ ਓ.ਆਰ.ਜੀ. ਨੇ ਦੱਸਿਆ ਕਿ ਇਹਨਾਂ ਦੋਹਾਂ ਹੀ ਵੈਬਸਾਈਟਾਂ 'ਤੇ ਪਾਕਿਸਤਾਨ ਦੇ ਕੁਝ ਚੋਣਵੇਂ ਇਲਾਕਿਆਂ ਵਿਚ ਹੀ ਰੋਕ ਲਗਾਈ ਗਈ ਸੀ। ਨੈੱਟਬਲਾਕ ਨੇ ਦੱਸਿਆ ਕਿ ਪਾਕਿਸਤਾਨ ਵਿਚ ਅਜਿਹੇ ਬਹੁਤ ਸਾਰੇ ਲੋਕ ਸਨ ਜੋ ਇਹਨਾਂ ਵੈਬਸਾਈਟਾਂ ਨੂੰ ਐਕਸੇਸ ਕਰ ਪਾ ਰਹੇ ਸਨ।

ਵਿਸ਼ਲੇਸ਼ਕਾਂ ਦੇ ਮੁਤਾਬਕ ਪੀ.ਐੱਮ.ਇਮਰਾਨ ਖਾਨ ਅਤੇ ਪਾਕਿਸਤਾਨ ਦੀ ਫੌਜ ਬਲੂਚਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈਕੇ ਆਯੋਜਿਤ ਹੋ ਰਹੇ 'ਸਾਥ ਵਰਚੁਅਲ ਕਾਨਫਰੰਸ' ਤੋਂ ਡਰ ਗਈ ਸੀ। ਇਸੇ ਕਾਰਨ ਟਵਿੱਟਰ ਅਤੇ ਜ਼ੂਮ ਨੂੰ ਕਈ ਘੰਟਿਆਂ ਤੱਕ ਬੰਦ ਕਰ ਦਿੱਤਾ ਗਿਆ ਸੀ। 'ਸਾਥ' ਫੋਰਮ ਦੀ ਸਥਾਪਨਾ ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਅਤੇ ਕਾਲਮ ਲੇਖਕ ਮੁਹੰਮਦ ਤਾਕੀ ਨੇ ਕੀਤੀ ਹੈ। ਐਤਵਾਰ ਨੂੰ ਸਾਥ ਫੋਰਮ ਨੇ ਐਲਾਨ ਕੀਤਾ ਸੀ ਕਿ ਉਹ ਲੋਕ ਵਰਚੁਅਲ ਕਾਨਫਰੰਸ ਕਰਨਗੇ ਜਿਸ ਵਿਚ ਬਲੂਚ ਪੱਤਰਕਾਰ ਸਾਜਿਦ ਹੁਸੈਨ ਅਤੇ ਪਸ਼ਤੂਨ ਤਹਾਫੁਜ ਮੂਵਮੈਂਟ ਦੇ ਨੇਤਾ ਆਰਿਫ ਵਜ਼ੀਰ ਦੀ ਰਹੱਸਮਈ ਹਾਲਤਾਂ ਵਿਚ ਹੱਤਿਆ ਦਾ ਮੁੱਦਾ ਸ਼ਾਮਲ ਹੈ। ਇਸ ਫੋਰਮ ਵਿਚ ਨਬੀ ਬਖਸ਼ ਬਲੋਚ, ਗੁਲ ਬੁਖਾਰੀ, ਅਹਿਮਦ ਵਿਕਾਸ ਗੋਰਾਯਾ, ਤਾਹਾ ਸਿੱਦੀਕੀ ਸਮੇਤ ਕਈ ਮਸ਼ਹੂਰ ਲੋਕਾਂ ਨੇ ਬੋਲਣਾ ਸੀ। ਗੋਰਾਯਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨੀ ਅਧਿਕਾਰੀ ਦੇਸ਼ ਵਿਚ ਜ਼ੂਮ ਨੂੰ ਬਲਾਕ ਕਰ ਰਹੇ ਹਨ ਤਾਂ ਜੋ ਪਾਕਿਸਤਾਨ ਵਿਚ ਰਹਿ ਰਹੇ ਲੋਕ ਇਸ ਕਾਨਫਰੰਸ ਨਾਲ ਜੁੜ ਨਾ ਪਾਉਣ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਡਿਲੀਵਰੀ ਬੁਆਏ ਹੋਇਆ ਕੋਰੋਨਾ ਪਾਜ਼ੇਟਿਵ, 12 ਮੈਕਡੋਨਾਲਡ ਬੰਦ

ਗੋਰਾਯਾ ਨੇ ਐਲਾਨ ਕੀਤਾ ਕਿ ਜਲਦੀ ਹੀ ਇਸ ਪੂਰੀ ਕਾਨਫਰੰਸ ਦਾ ਵੀਡੀਓ ਜਾਰੀ ਕੀਤਾ ਜਾਵੇਗਾ ਕਿਉਂਕਿ ਟਵਿੱਟਰ ਅਤੇ ਜ਼ੂਮ ਨੂੰ ਬਲਾਕ ਕਰ ਦਿੱਤੇ ਜਾਣ ਕਾਰਨ ਜਨਤਾ ਇਸ ਕਾਨਫਰੰਸ ਨਾਲ ਜੁੜ ਨਹੀਂ ਪਾਈ ਸੀ। ਬਾਅਦ ਵਿਚ ਪਾਕਿਸਤਾਨ ਸਰਕਾਰ ਨੇ ਟਵਿੱਟਰ ਅਤੇ ਜ਼ੂਮ 'ਤੇ ਲਗਾਏ ਗਏ ਬਲਾਕ ਨੂੰ ਹਟਾ ਲਿਆ। ਇਮਰਾਨ ਸਰਕਾਰ ਨੇ ਹੁਣ ਤੱਕ ਇਸ ਸੈਂਸਰਸ਼ਿਪ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਹੈ।


author

Vandana

Content Editor

Related News