ਪਾਕਿ ''ਚ ਅੱਤਵਾਦੀਆਂ ਦੀ ਕੋਈ ਸੁਰੱਖਿਅਤ ਪਨਾਹਗਾਹ ਨਹੀਂ: ਮਲੀਹਾ ਲੋਧੀ

Friday, Dec 22, 2017 - 03:29 PM (IST)

ਸੰਯੁਕਤ ਰਾਸ਼ਟਰ(ਭਾਸ਼ਾ)— ਅਫਗਾਨਿਸਤਾਨ ਵਿਚ ਸੁਰੱਖਿਆ ਹਾਲਾਤ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਹੋ ਰਹੀ ਚਰਚਾ ਦੌਰਾਨ ਇਕ ਉਚ ਰਾਜਦੂਤ ਨੇ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀਆਂ ਦੀ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਪਾਕਿਸਤਾਨ ਵੱਲੋਂ ਇਹ ਇਨਕਾਰ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਇਸਲਾਮਾਬਾਦ ਨੂੰ ਉਸ ਦੀ ਜ਼ਮੀਨ 'ਤੇ ਮੌਜੂਦ ਅੱਤਵਾਦੀਆਂ ਦੇ ਸੁਰੱਖਿਅਤ ਪਨਾਹਗਾਹਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਅਫਗਾਨਿਸਤਾਨ 'ਤੇ ਖੁੱਲ੍ਹੀ ਚਰਚਾ ਦੌਰਾਨ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਕਿਹਾ, 'ਅਜਿਹੀ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਅੱਤਵਾਦੀਆਂ ਦੀ ਜੇਕਰ ਕੋਈ ਸੁਰੱਖਿਅਤ ਪਨਾਹਗਾਹ ਹੈ ਤਾਂ ਉਹ ਅਫਗਾਨ ਭੂ-ਭਾਗ ਦੀ 40 ਪ੍ਰਤੀਸ਼ਤ ਸਰਹੱਦ ਵਿਚ ਸਥਿਤ ਹੈ ਅਤੇ ਇਹ ਇਲਾਕਾ ਅਫਗਾਨ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੈ।' ਲੋਧੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਫੌਜੀ ਬਲਾਂ ਦਾ ਪ੍ਰਯੋਗ ਜਾਰੀ ਰੱਖਣ ਨਾਲ ਉਥੇ ਸ਼ਾਂਤੀ ਨਹੀਂ ਆਏਗੀ। ਉਨ੍ਹਾਂ ਕਿਹਾ ਕਿ ਸਾਲਾਂ ਦੇ ਯੁੱਧ ਤੋਂ ਬਾਅਦ ਇਹ ਸਾਫ ਹੈ ਕਿ ਕਾਬੁਲ ਜਾਂ ਗਠਜੋੜ, ਅਤੇ ਅਫਗਾਨ ਤਾਲੀਬਾਨ, ਦੋਵਾਂ ਵਿਚੋਂ ਕੋਈ ਇਕ-ਦੂਜੇ 'ਤੇ ਫੌਜੀ ਹੱਲ ਨਹੀਂ ਥੋਪ ਸਕਦੇ ਹਨ। ਪਾਕਿਸਤਾਨੀ ਰਾਜਦੂਤ ਨੇ ਕਿਹਾ 'ਰਾਜਨੀਤਕ ਸਮਝੌਤੇ ਨੂੰ ਵਧਾਵਾ ਦੇਣਾ ਅਤੇ ਨਾਲ ਹੀ ਫੌਜੀ ਹੱਲ ਲੱਭਣਾ, ਦੋਵੇਂ ਨਾਲ-ਨਾਲ ਨਹੀਂ ਚੱਲ ਸਕਦੇ ਹਨ। ਫਿਰ ਤੋਂ ਫੌਜੀ ਬਲ ਪ੍ਰਯੋਗ ਦਾ ਰਸਤਾ ਅਪਨਾਉਣ ਨਾਲ ਅਤੀਤ ਦੇ ਮੁਕਾਬਲੇ ਕੋਈ ਨਵਾਂ ਨਤੀਜਾ ਨਹੀਂ ਆਏਗਾ। ਇਸ ਦੇ ਰਸਤੇ ਰਾਜਨੀਤਕ ਹੱਲ ਤੱਕ ਪਹੁੰਚਣ ਦੀ ਗੱਲ ਤਾਂ ਬਹੁਤ ਦੂਰ ਹੈ, ਇਹ ਤਾਂ ਗਤੀਰੋਧ ਤੱਕ ਖਤਮ ਨਹੀਂ ਕਰ ਸਕਦਾ ਹੈ।' ਲੋਧੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਮਜ਼ਬੂਤ ਤਾਕਤਾਂ ਵੱਲੋਂ ਅੱਤਵਾਦ ਵਿਰੁੱਧ 16 ਸਾਲ ਤੱਕ ਚੱਲੇ ਯੁੱਧ ਨਾਲ ਵੀ ਕੋਈ ਫੌਜੀ ਹੱਲ ਨਹੀਂ ਨਿਕਲ ਸਕਿਆ ਹੈ।


Related News