ਪਾਕਿ : ਇਹ ਹੋਰ ਮੰਦਰ ''ਚ ਭੰਨ-ਤੋੜ, ਗੁਆਂਢੀ ਮੁਸਲਮਾਨਾਂ ਨੇ ਕੀਤੀ ਹਿੰਦੂ ਪਰਿਵਾਰਾਂ ਦੀ ਰੱਖਿਆ

Thursday, Nov 05, 2020 - 06:04 PM (IST)

ਪਾਕਿ : ਇਹ ਹੋਰ ਮੰਦਰ ''ਚ ਭੰਨ-ਤੋੜ, ਗੁਆਂਢੀ ਮੁਸਲਮਾਨਾਂ ਨੇ ਕੀਤੀ ਹਿੰਦੂ ਪਰਿਵਾਰਾਂ ਦੀ ਰੱਖਿਆ

ਕਰਾਚੀ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਭੜਕੀ ਭੀੜ ਨੇ ਇਕ ਹੋਰ ਹਿੰਦੂ ਮੰਦਰ ਵਿਚ ਭੰਨ-ਤੋੜ ਕੀਤੀ।ਕੱਟੜਪੰਥੀਆਂ ਦੀ ਭੀੜ ਨੇ ਉੱਥੇ ਰਹਿ ਰਹੇ 300 ਹਿੰਦੂ ਪਰਿਵਾਰਾਂ 'ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਦਹਾਕਿਆਂ ਤੋਂ ਗੁਆਂਢ ਵਿਚ ਨਾਲ ਰਹਿ ਰਹੇ ਸਥਾਨਕ ਮੁਸਲਮਾਨਾਂ ਨੇ ਦੰਗਾ ਕਰਨ ਵਾਲਿਆਂ ਦੀ ਭੀੜ ਨੂੰ ਇਲਾਕੇ ਵਿਚ ਦਾਖਲ ਨਹੀਂ ਹੋਣ ਦਿੱਤਾ। ਇਹ ਘਟਨਾ ਐਤਵਾਰ ਨੂੰ ਸ਼ੀਤਲ ਦਾਸ ਕੰਪਲੈਕਸ ਵਿਚ ਵਾਪਰੀ, ਜਿੱਥੇ ਕਰੀਬ 300 ਹਿੰਦੂ ਪਰਿਵਾਰ ਅਤੇ 30 ਮੁਸਲਿਮ ਪਰਿਵਾਰ ਰਹਿੰਦੇ ਹਨ।

ਗੁਆਂਢ ਦੇ ਮੁਸਲਮਾਨਾਂ ਨੇ ਕੀਤਾ ਬਚਾਅ
ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਬਹੁਤ ਸਾਰੇ ਵਿਅਕਤੀ ਕੰਪਲੈਕਸ ਦੇ ਇਕੋਇਕ ਦਰਵਾਜ਼ੇ ਦੇ ਬਾਹਰ ਇਕੱਠੇ ਹੋ ਗਏ ਸਨ। ਇਹਨਾਂ ਵਿਚੋਂ ਕਈਆਂ ਦਾ ਹਿੰਦੂ ਪਰਿਵਾਰਾਂ 'ਤੇ ਹਮਲਾ ਕਰਨ ਦਾ ਇਰਾਦਾ ਸੀ। ਭਾਵੇਂਕਿ ਕੰਪਲੈਕਸ ਵਿਚ ਅਤੇ ਇਸ ਦੇ ਆਲੇ-ਦੁਆਲੇ ਰਹਿਣ ਵਾਲੇ ਮੁਸਲਮਾਨ ਤੁਰੰਤ ਮੁੱਖ ਦਰਵਾਜ਼ੇ 'ਤੇ ਪਹੁੰਚੇ ਅਤੇ ਭੀੜ ਨੂੰ ਇਲਾਕੇ ਵਿਚ ਦਾਖਲ ਹੋਣ ਤੋਂ ਰੋਕਿਆ। ਇਕ ਹਿੰਦੂ ਵਿਅਕਤੀ ਨੇ ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਨੂੰ ਕਿਹਾ ਕਿ ਸੂਚਨਾ ਦਿੱਤੇ ਜਾਣ ਦੇ ਕੁਝ ਹੀ ਮਿੰਟਾਂ ਵਿਚ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ।

ਮੂਰਤੀਆਂ ਨੂੰ ਪਹੁੰਚਾਇਆ ਨੁਕਸਾਨ
ਇਕ ਹੋਰ ਹਿੰਦੂ ਵਿਅਕਤੀ ਨੇ ਦੱਸਿਆ ਕਿ ਭੜਕੀ ਭੀੜ ਦੇ ਕੁਝ ਲੋਕ ਮੰਦਰ ਤੱਕ ਪਹੁੰਚ ਗਏ ਅਤੇ ਉੱਥੇ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ। ਭੀੜ ਹਿੰਦੂ ਪਰਿਵਾਰਾਂ 'ਤੇ ਹਮਲਾ ਕਰਨਾ ਚਾਹੁੰਦੀ ਸੀ ਪਰ ਪੁਲਸ ਨੇ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।ਭਾਵੇਂਕਿ ਹੋਰ ਚਸ਼ਮਦੀਦਾਂ ਨੇ ਕਿਹਾ ਕਿ ਘਟਨਾ ਦੇ ਦੌਰਾਨ ਤਿੰਨ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ।ਪੁਲਸ ਦੇ ਸੀਨੀਅਰ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਥਾਨਕ ਮੁਸਲਿਮ ਪਰਿਵਾਰਾਂ ਨੇ ਵਿਰੋਧ ਕਰ ਕੇ ਹਮਲਾਵਰਾਂ ਨੂੰ ਘੱਟ ਗਿਣਤੀ ਹਿੰਦੂ ਪਰਿਵਾਰਾਂ 'ਤੇ ਹਮਲੇ ਨੂੰ ਰੋਕਿਆ। ਇਸ ਘਟਨਾ ਦੇਬਾਅਦ ਮੰਗਲਵਾਰ ਤੱਕ 60 ਤੋਂ ਵੱਧ ਹਿੰਦੂ ਪਰਿਵਾਰ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਚਲੇ ਗਏ ਸਨ।


author

Vandana

Content Editor

Related News