ਪਾਕਿ PM ਸ਼ਾਹਬਾਜ਼ ਸ਼ਰੀਫ ਨੇ 9 ਮਈ ਦੀ ਹਿੰਸਾ ਲਈ ਇਮਰਾਨ ਖਾਨ ਨੂੰ ਠਹਿਰਾਇਆ ਜ਼ਿੰਮੇਵਾਰ
Thursday, May 18, 2023 - 03:17 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ 'ਚ ਉਨ੍ਹਾਂ ਦੇ ਸਮਰਥਕਾਂ ਵਲੋਂ ਮਚਾਈ ਗਈ ਤਬਾਹੀ ਲਈ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਰੀਫ ਨੇ ਇੱਕ ਟਵੀਟ ਵਿੱਚ ਲਿਖਿਆ, "9 ਮਈ ਨੂੰ ਦੇਸ਼ ਭਰ ਵਿੱਚ ਜੋ ਹਿੰਸਾ ਭੜਕੀ ਅਤੇ ਵਿਦਰੋਹੀਆਂ ਵੱਲੋਂ ਦੇਸ਼ ਦੇ ਪ੍ਰਤੀਕਾਂ ਅਤੇ ਸੰਵੇਦਨਸ਼ੀਲ ਅਦਾਰਿਆਂ 'ਤੇ ਕੀਤੇ ਗਏ ਹਮਲਿਆਂ ਦੀ ਜੜ੍ਹ ਪਿਛਲੇ ਇੱਕ ਸਾਲ ਵਿੱਚ ਇਮਰਾਨ ਵੱਲੋਂ ਦਿੱਤੇ ਗਏ ਭਾਸ਼ਣ ਹਨ।"
ਪਾਕਿਸਤਾਨੀ ਪ੍ਰਧਾਨ ਮੰਤਰੀ 9 ਮਈ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਦਾ ਜ਼ਿਕਰ ਕਰ ਰਹੇ ਸਨ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਦਰਜਨਾਂ ਫੌਜੀ ਅਤੇ ਸਰਕਾਰੀ ਅਦਾਰਿਆਂ ਨੂੰ ਨਸ਼ਟ ਕਰ ਦਿੱਤਾ ਸੀ। ਸ਼ਰੀਫ ਨੇ ਕਿਹਾ ਕਿ ਖਾਨ ਨੇ "ਹਥਿਆਰਬੰਦ ਬਲਾਂ ਅਤੇ ਮੌਜੂਦਾ ਸੈਨਾ ਮੁਖੀ 'ਤੇ ਲਗਾਤਾਰ ਹਮਲੇ ਕਰਕੇ ਉਨ੍ਹਾਂ ਨੂੰ ਬਦਨਾਮ ਕੀਤਾ ਅਤੇ ਚਲਾਕੀ ਨਾਲ 'ਹਕੀਕੀ ਅਜ਼ਾਦੀ' ਦੇ ਨਾਅਰਿਆਂ ਨਾਲ ਆਪਣਾ ਧੜਾ ਬਣਾਇਆ, ਜਿਸਦਾ ਉਦੇਸ਼ ਉਨ੍ਹਾਂ ਨੂੰ 9 ਮਈ ਨੂੰ ਹਿੰਸਾ ਲਈ ਉਕਸਾਉਣਾ ਸੀ।" ਸ਼ਰੀਫ਼ ਨੇ ਸਾਰਿਆਂ ਨੂੰ ਕਿਹਾ ਕਿ "ਉਨ੍ਹਾਂ (ਖਾਨ) ਦੇ ਭਾਸ਼ਣਾਂ ਨੂੰ ਸੁਣੋ ਅਤੇ ਤੁਹਾਨੂੰ ਤੁਹਾਡੇ ਜਵਾਬ ਮਿਲ ਜਾਣਗੇ"। ਇੱਕ ਹੋਰ ਟਵੀਟ ਵਿੱਚ ਸ਼ਰੀਫ ਨੇ ਅਧਿਕਾਰੀਆਂ ਨੂੰ ਹਿੰਸਾ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ।