''ਗੁਗਲੀ'' ਵਾਲੇ ਬਿਆਨ ''ਤੇ ਕੁਰੈਸ਼ੀ ਨੇ ਦਿੱਤੀ ਇਹ ਸਫਾਈ
Monday, Dec 03, 2018 - 01:05 PM (IST)

ਇਸਲਾਮਾਬਾਦ (ਬਿਊਰੋ)— ਭਾਰਤ ਦੀ ਫਟਕਾਰ ਦੇ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 'ਗੁਗਲੀ' ਵਾਲੇ ਆਪਣੇ ਬਿਆਨ 'ਤੇ ਐਤਵਾਰ ਨੂੰ ਸਫਾਈ ਦਿੱਤੀ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੋੜ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਰੈਸੀ ਨੇ ਇਸ ਸਬੰਧੀ ਇਕ ਟਵੀਟ ਕੀਤਾ।
Dragging my comment towards "Sikh sentiments" is a deliberate attempt to misrepresent & mislead. What I said was strictly with ref to bilat.interaction with the Indian Govt. We have deep respect for Sikh sentiments & no amount of distortions or controversies would change it. 1/2
— Shah Mahmood Qureshi (@SMQureshiPTI) December 2, 2018
ਟਵੀਟ ਵਿਚ ਕੁਰੈਸ਼ੀ ਨੇ ਕਿਹਾ,''ਮੇਰੇ ਬਿਆਨ ਨੂੰ ਸਿੱਖ ਭਾਵਨਾਵਾਂ ਨਾਲ ਜੋੜਨਾ ਗਲਤਫਹਿਮੀ ਪੈਦਾ ਕਰਨ ਅਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਮੈਂ ਜੋ ਕੁਝ ਵੀ ਕਿਹਾ ਉਹ ਭਾਰਤ ਨਾਲ ਦੋ-ਪੱਖੀ ਗੱਲਬਾਤ ਨੂੰ ਲੈ ਕੇ ਸੀ। ਅਸੀਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ। ਕਿੰਨਾ ਵੀ ਵਿਵਾਦ ਇਨ੍ਹਾਂ ਨੂੰ ਨਹੀਂ ਬਦਲ ਸਕਦਾ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ।''
ਕੁਰੈਸ਼ੀ ਨੇ ਦਿੱਤਾ ਸੀ ਇਹ ਬਿਆਨ
ਇਮਰਾਨ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ 28 ਨਵੰਬਰ ਨੂੰ ਪਾਕਿਸਤਾਨ ਵੱਲ ਦੇ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਮਾਗਮ ਵਿਚ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ ਅਤੇ ਪੰਜਾਬ ਦੇ ਮੰਤਰੀ ਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ ਸਨ। ਇਨ੍ਹਾਂ ਦੇ ਇਲਾਵਾ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ, ਸੰਸਦ ਮੈਂਬਰ ਗੁਰਜੀਤ ਔਜਲਾ ਵੀ ਸ਼ਾਮਲ ਹੋਏ ਸਨ। 29 ਨਵੰਬਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਬਿਆਨ ਦਿੱਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 'ਗੁਗਲੀ' ਸੁੱਟੀ ਅਤੇ ਭਾਰਤ ਨੂੰ ਕਰਤਾਰਪੁਰ ਕੋਰੀਡੋਰ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣਾ ਪਿਆ।