ਪਾਕਿ : ਨਵਾਜ਼ ਸ਼ਰੀਫ ਦਾ ਜਵਾਈ ਗ੍ਰਿਫ਼ਤਾਰ, ਮਰਿਅਮ ਬੋਲੀ- ਪੁਲਸ ਨੇ ਤੋੜਿਆ ਕਮਰੇ ਦਾ ਦਰਵਾਜ਼ਾ
Monday, Oct 19, 2020 - 06:13 PM (IST)
ਇਸਲਾਮਾਬਾਦ (ਬਿਊਰੋ): ਗੁਆਂਢੀ ਦੇਸ਼ ਪਾਕਿਸਤਾਨ ਦੀ ਰਾਜਨੀਤੀ ਵਿਚ ਹਲਚਲ ਤੇਜ਼ ਹੋ ਗਈ ਹੈ। ਐਤਵਾਰ ਨੂੰ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ਼ ਵਿਰੋਧੀ ਪਾਰਟੀਆਂ ਨੇ ਵੱਡੀ ਰੈਲੀ ਦਾ ਆਯੋਜਨ ਕੀਤਾ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਹੁਣ ਰੈਲੀ ਦੇ ਇਕ ਦਿਨ ਬਾਅਦ ਹੀ ਵਿਰੋਧੀ ਧਿਰ 'ਤੇ ਕਾਰਵਾਈ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਜਵਾਈ ਸਫਦਰ ਅਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਵਾਜ਼ ਸ਼ਰੀਫ ਦੀ ਬੇਟੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰਿਅਮ ਸ਼ਰੀਫ ਨੇ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਟਵੀਟ ਕਰ ਦੋਸ਼ ਲਗਾਇਆ ਕਿ ਪੁਲਸ ਸਵੇਰੇ-ਸਵੇਰੇ ਉਹਨਾਂ ਦੇ ਹੋਟਲ ਦੇ ਕਮਰੇ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਈ ਅਤੇ ਦਰਵਾਜ਼ਾ ਤੋੜ ਕੇ ਸਫਦਰ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਕਰਾਚੀ ਦੇ ਹੋਟਲ ਦੀ ਹੈ।
Police broke my room door at the hotel I was staying at in Karachi and arrested Capt. Safdar.
— Maryam Nawaz Sharif (@MaryamNSharif) October 19, 2020
ਐਤਵਾਰ ਨੂੰ ਪਾਕਿਸਤਾਨ ਦੇ ਕਰਾਚੀ ਵਿਚ ਵਿਰੋਧੀ ਧਿਰ ਨੇ ਵੱਡੀ ਰੈਲੀ ਦਾ ਆਯੋਜ ਨਕੀਤਾ, ਜਿੱਥੇ ਮਰਿਅਮ, ਨਵਾਜ਼ ਸ਼ਰੀਫ ਦਾ ਭਾਸ਼ਣ ਚਰਚਾ ਦਾ ਵਿਸ਼ਾ ਰਿਹਾ। ਮਰਿਅਮ ਨੇ ਰੈਲੀ ਵਿਚ ਇਮਰਾਨ ਖਾਨ ਨੂੰ ਡਰਪੋਕ, ਨਾਲਾਇਕ ਵਿਅਕਤੀ ਕਰਾਰ ਦਿੱਤਾ। ਉਹਨਾਂ ਨੇ ਗੱਲਾਂ-ਗੱਲਾਂ ਵਿਚ ਸੈਨਾ ਦੀ ਆੜ ਵਿਚ ਲੁਕਣ ਦਾ ਦੋਸ਼ ਲਗਾਇਆ। ਇਸ ਦੇ ਇਲਾਵਾ ਮਰਿਅਮ ਸ਼ਰੀਫ ਵੱਲੋਂ ਇਮਰਾਨ ਖਾਨ 'ਤੇ ਭ੍ਰਿਸ਼ਟਾਚਾਰ, ਕੋਰੋਨਾ ਸੰਕਟ ਵਿਚ ਅਸਫਲ ਰਹਿਣ ਅਤੇ ਨਾਲ ਹੀ ਫੌਜ ਦੇ ਇਸ਼ਾਰੇ 'ਤੇ ਚੱਲਣ ਦਾ ਦੋਸ਼ ਲਗਾਇਆ। ਗੌਰਤਲਬ ਹੈ ਕਿ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ਼ ਪਿਛਲੇ ਦਿਨੀਂ ਵਿਰੋਧੀ ਧਿਰ ਦੀ ਗੋਲਬੰਦੀ ਜਾਰੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਅਤੇ ਕਈ ਹੋਰ ਸੰਗਠਨ ਇਕੱਠੇ ਹੋ ਕੇ ਇਮਰਾਨ ਸਰਕਾਰ ਅਤੇ ਪਾਕਿਸਤਾਨੀ ਸੈਨਾ ਦੇ ਖਿਲਾਫ਼ ਮੋਰਚਾ ਖੋਲ੍ਹੇ ਹੋਏ ਹਨ।