ਧਾਰਾ 370 ''ਤੇ ਰੇਹਮ ਨੇ ਇਮਰਾਨ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)
Tuesday, Aug 20, 2019 - 12:51 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਵੱਡਾ ਖੁਲਾਸਾ ਕੀਤਾ ਹੈ। ਰੇਹਮ ਨੇ ਇਮਰਾਨ ਖਾਨ 'ਤੇ ਜੰਮੂ-ਕਸ਼ਮੀਰ ਨੂੰ ਲੈ ਕੇ ਬਹੁਤ ਵੱਡਾ ਦੋਸ਼ ਲਗਾਇਆ ਹੈ। ਰੇਹਮ ਖਾਨ ਦਾ ਕਹਿਣਾ ਹੈ,''ਇਮਰਾਨ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਇਕ ਗੁਪਤ ਸਮਝੌਤਾ ਕੀਤਾ ਹੈ।'' ਉਸ ਦਾ ਦਾਅਵਾ ਹੈ ਕਿ ਇਮਰਾਨ ਨੇ ਇਹ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਸ਼ ਕਰਨ ਲਈ ਕੀਤਾ ਹੈ। ਇਸੇ ਕਾਰਨ ਉਹ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਨੂੰ ਲੈ ਕੇ ਆਪਣੀ ਗੱਲ ਮਜ਼ਬੂਤੀ ਨਾਲ ਨਹੀਂ ਰੱਖ ਪਾ ਰਹੇ ਹਨ। ਇਸ ਦੇ ਨਾਲ ਹੀ ਇਮਰਾਨ ਇਸ ਫੈਸਲੇ ਵਿਰੁੱਧ ਕੋਈ ਠੋਸ ਕਦਮ ਨਹੀਂ ਚੁੱਕ ਰਹੇ ਹਨ।
ਰੇਹਮ ਖਾਨ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਜੋ ਕੁਝ ਵੀ ਹੋਇਆ ਉਹ ਪਾਕਿਸਤਾਨ ਦੇ ਪ੍ਰਧਾਨ ਮਤਰੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਕ ਇੰਟਰਵਿਊ ਵਿਚ ਰੇਹਮ ਨੇ ਕਿਹਾ,''ਮੈਂ ਕਹਿਣਾ ਚਾਹੁੰਦੀ ਹਾਂ ਕਿ ਕਸ਼ਮੀਰ ਦਾ ਸੌਦਾ ਹੋ ਗਿਆ ਹੈ। 'ਕਸ਼ਮੀਰ ਬਣੇਗਾ ਪਾਕਿਸਤਾਨ' ਇਹ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਹੈ।'' ਰੇਹਮ ਨੇ ਅੱਗੇ ਕਿਹਾ,''5 ਅਗਸਤ ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਕੀਤਾ ਸੀ, ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੇ ਮੈਨੂੰ ਫੋਨ ਕਰ ਕੇ ਕਿਹਾ ਕਿ ਮੈਡਮ ਤੁਸੀਂ ਜੋ ਕਿਹਾ ਸੀ ਉਹ ਸੱਚ ਹੋ ਰਿਹਾ ਹੈ। ਮੈਂ ਉਦੋਂ ਉਸ ਨੂੰ ਕਿਹਾ ਸੀ ਕਿ ਪ੍ਰਾਰਥਨਾ ਕਰੋ ਮੇਰਾ ਕਿਹਾ ਸਭ ਕੁਝ ਸੱਚ ਨਾ ਹੋਵੇ।''
ਇੰਟਰਵਿਊ ਵਿਚ ਰੇਹਮ ਨੇ ਉਸ ਗੱਲ ਦਾ ਵੀ ਜ਼ਿਕਰ ਕੀਤਾ ਜੋ ਉਸ ਨੇ ਪਿਛਲੇ ਸਾਲ ਅਗਸਤ 2018 ਵਿਚ ਫੋਨ ਕਰ ਕੇ ਆਪਣੀ ਟੀਮ ਦੇ ਮੈਂਬਰ ਨੂੰ ਕਹੀ ਸੀ। ਰੇਹਮ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਗੌਰਤਲਬ ਹੈ ਕਿ ਇਮਰਾਨ ਪਹਿਲਾਂ ਹੀ ਜੰਮੂ-ਕਸ਼ਮੀਰ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹਨ। ਸੰਸਦ ਵਿਚ ਲਗਾਤਾਰ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਅਤੇ ਬਿਆਨਬਾਜ਼ੀ ਹੋ ਰਹੀ ਹੈ। ਹੁਣ ਉਨ੍ਹਾਂ ਦੀ ਸਾਬਕਾ ਪਤਨੀ ਦੇ ਇਨ੍ਹਾਂ ਗੰਭੀਰ ਦੋਸ਼ਾਂ ਨੇ ਪਾਕਿਸਤਾਨ ਦੀ ਰਾਜਨੀਤੀ ਵਿਚ ਹਲਚਲ ਲਿਆ ਦਿੱਤੀ ਹੈ। ਵਿਰੋਧੀ ਪਾਰਟੀਆਂ ਨੂੰ ਇਮਰਾਨ 'ਤੇ ਹਮਲਾਵਰ ਹੋਣ ਦਾ ਮੌਕਾ ਮਿਲ ਗਿਆ ਹੈ।