ਲਹਿੰਦੇ ਪੰਜਾਬ ''ਚ ਸੜਕ ਹਾਦਸਿਆਂ ਕਾਰਨ ਮਾਰੇ ਗਏ 4,800 ਲੋਕ, 2025 ਦੌਰਾਨ ਮੌਤਾਂ ‘ਚ 19 ਫੀਸਦੀ ਵਾਧਾ
Thursday, Dec 25, 2025 - 02:54 PM (IST)
ਇਸਲਾਮਾਬਾਦ (IANS) : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਾਲ 2025 ਦੌਰਾਨ ਸੜਕ ਹਾਦਸਿਆਂ ਨੇ ਚਿੰਤਾਜਨਕ ਰੂਪ ਧਾਰ ਲਿਆ ਹੈ। ਐਮਰਜੈਂਸੀ ਸੇਵਾ ‘ਰੈਸਕਿਊ 1122’ ਦੇ ਅੰਕੜਿਆਂ ਮੁਤਾਬਕ, ਸੂਬੇ 'ਚ ਇਸ ਸਾਲ ਸੜਕ ਹਾਦਸਿਆਂ ਕਾਰਨ ਘੱਟੋ-ਘੱਟ 4,791 ਲੋਕਾਂ ਦੀ ਮੌਤ ਹੋ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 19 ਫੀਸਦੀ ਵਾਧਾ ਦਰਸਾਉਂਦੀ ਹੈ।
ਰੈਸਕਿਊ 1122 ਵੱਲੋਂ ਜਾਰੀ ਸਾਲਾਨਾ ਰਿਪੋਰਟ ਅਨੁਸਾਰ, 2025 ਵਿੱਚ ਪੰਜਾਬ ਸੂਬੇ ਵਿੱਚ ਕੁੱਲ 4 ਲੱਖ 82 ਹਜ਼ਾਰ 870 ਸੜਕ ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਕਰੀਬ 5 ਲੱਖ 70 ਹਜ਼ਾਰ ਲੋਕ ਜ਼ਖ਼ਮੀ ਹੋਏ। ਇਸਦੀ ਤੁਲਨਾ ਵਿੱਚ, ਸਾਲ 2024 ਦੌਰਾਨ 4 ਲੱਖ 67 ਹਜ਼ਾਰ 561 ਹਾਦਸੇ ਹੋਏ ਸਨ, ਜਿਨ੍ਹਾਂ ਵਿੱਚ 4,139 ਲੋਕਾਂ ਦੀ ਜਾਨ ਗਈ ਸੀ, ਜਦਕਿ 2023 ਵਿੱਚ 4 ਲੱਖ 20 ਹਜ਼ਾਰ 387 ਹਾਦਸਿਆਂ ਕਾਰਨ 3,967 ਮੌਤਾਂ ਹੋਈਆਂ ਸਨ।
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਵੇਂ 2025 ਵਿੱਚ ਸੜਕ ਹਾਦਸਿਆਂ ਦੀ ਗਿਣਤੀ 5.8 ਫੀਸਦੀ ਵਧੀ, ਪਰ ਮੌਤਾਂ ਦੀ ਦਰ ਇਸ ਤੋਂ ਕਈ ਗੁਣਾ ਜ਼ਿਆਦਾ ਵਧੀ ਹੈ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਹਾਦਸਿਆਂ ਦੀ ਗੰਭੀਰਤਾ ਲਗਾਤਾਰ ਵਧ ਰਹੀ ਹੈ। ਪਾਕਿਸਤਾਨੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਨੇ ਇਸ ਸਥਿਤੀ ਨੂੰ ਬਹੁਤ ਹੀ ਚਿੰਤਾਜਨਕ ਕਰਾਰ ਦਿੱਤਾ ਹੈ। ਐਮਰਜੈਂਸੀ ਸਰਵਿਸਜ਼ ਦੇ ਸਕੱਤਰ ਰਿਜ਼ਵਾਨ ਨਸੀਰ ਨੇ ਸੜਕ ਹਾਦਸਿਆਂ ਬਾਰੇ ਸਾਲਾਨਾ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਲਗਭਗ ਹਰ ਮਿੰਟ ਇੱਕ ਸੜਕ ਹਾਦਸਾ ਵਾਪਰਦਾ ਹੈ ਅਤੇ ਅਕਸਰ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਪਰਿਵਾਰਾਂ ਦੇ ਮੁੱਖ ਕਮਾਉਣ ਵਾਲੇ ਮੈਂਬਰ ਬਣਦੇ ਹਨ। ਉਨ੍ਹਾਂ ਪੰਜਾਬ ਦੀ ਸਥਿਤੀ ਨੂੰ “ਬੇਹੱਦ ਚਿੰਤਾਜਨਕ” ਦੱਸਿਆ।
ਮੀਟਿੰਗ 'ਚ ਐਮਰਜੈਂਸੀ ਵਿਭਾਗ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਸੂਬਾਈ ਨਿਗਰਾਨ ਅਧਿਕਾਰੀ ਅਤੇ ਜ਼ਿਲ੍ਹਾ ਐਮਰਜੈਂਸੀ ਅਫ਼ਸਰ ਵਰਚੁਅਲ ਤੌਰ ‘ਤੇ ਸ਼ਾਮਲ ਹੋਏ। ਅੰਕੜਿਆਂ ਮੁਤਾਬਕ, ਪੰਜਾਬ ਦੇ 34 ਜ਼ਿਲ੍ਹਿਆਂ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ, 2025 ਵਿੱਚ ਲਾਹੌਰ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਰਿਹਾ, ਜਿੱਥੇ 88,743 ਹਾਦਸੇ ਦਰਜ ਹੋਏ। ਇਸ ਤੋਂ ਬਾਅਦ ਫ਼ੈਸਲਾਬਾਦ ਵਿੱਚ 32,309 ਅਤੇ ਮੁਲਤਾਨ ਵਿੱਚ 29,804 ਹਾਦਸੇ ਵਾਪਰੇ। ਦੂਜੇ ਪਾਸੇ ਮੁਰਰੀ ਵਿੱਚ 1,889, ਅਟੱਕ ਵਿੱਚ 3,748 ਅਤੇ ਝੇਲਮ ਵਿੱਚ 4,301 ਹਾਦਸੇ ਦਰਜ ਕੀਤੇ ਗਏ।
ਸੜਕ ਹਾਦਸਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 75 ਫੀਸਦੀ ਹਾਦਸਿਆਂ 'ਚ ਮੋਟਰਸਾਈਕਲਾਂ ਦੀ ਸ਼ਮੂਲੀਅਤ ਸੀ। ਕਾਰਾਂ 8.6 ਫੀਸਦੀ ਅਤੇ ਰਿਕਸ਼ੇ 4.7 ਫੀਸਦੀ ਹਾਦਸਿਆਂ ਲਈ ਜ਼ਿੰਮੇਵਾਰ ਰਹੇ। ਬੱਸਾਂ, ਟਰੱਕਾਂ ਅਤੇ ਵੈਨਾਂ ਨਾਲ ਜੁੜੇ ਹਾਦਸੇ 4.3 ਫੀਸਦੀ ਸਨ, ਜਦਕਿ 7.4 ਫੀਸਦੀ ਹਾਦਸੇ ਹੋਰ ਕਿਸਮ ਦੇ ਵਾਹਨਾਂ ਨਾਲ ਸੰਬੰਧਤ ਰਹੇ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਸੜਕ ਹਾਦਸਿਆਂ ਦੇ ਪੀੜਤਾਂ ਵਿੱਚੋਂ 10.34 ਫੀਸਦੀ ਪੈਦਲ ਯਾਤਰੀ ਸਨ, ਜੋ ਵਿਅਸਤ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ਲਈ ਮੌਜੂਦਾ ਖ਼ਤਰੇ ਨੂੰ ਉਜਾਗਰ ਕਰਦਾ ਹੈ।
ਰੈਸਕਿਊ 1122 ਦੇ ਅੰਕੜਿਆਂ ਮੁਤਾਬਕ, ਜ਼ਖ਼ਮੀਆਂ ਵਿੱਚ ਵੱਧਤਰ ਮਾਮਲੇ ਹੱਡੀਆਂ ਟੁੱਟਣ ਅਤੇ ਸਿਰ ਦੀਆਂ ਚੋਟਾਂ ਨਾਲ ਜੁੜੇ ਸਨ। ਇਨ੍ਹਾਂ ਵਿੱਚ 39,250 ਇਕੱਲੀ ਹੱਡੀ ਟੁੱਟਣ, 19,603 ਸਿਰ ਦੀਆਂ ਚੋਟਾਂ, 8,362 ਕਈ ਹੱਡੀਆਂ ਟੁੱਟਣ ਤੇ 1,125 ਰੀੜ੍ਹ ਦੀ ਹੱਡੀ ਨਾਲ ਸੰਬੰਧਤ ਚੋਟਾਂ ਦੇ ਮਾਮਲੇ ਸ਼ਾਮਲ ਹਨ। ਕੁੱਲ 5 ਲੱਖ 69 ਹਜ਼ਾਰ 901 ਜ਼ਖ਼ਮੀਆਂ ਵਿੱਚੋਂ 80.6 ਫੀਸਦੀ ਮਰਦ ਅਤੇ 19.4 ਫੀਸਦੀ ਔਰਤਾਂ ਸਨ।
