ਪਾਕਿ : ਪਾਇਲਟਾਂ ਦੀ ਪ੍ਰੀਖਿਆ ''ਚ ਧੋਖਾਧੜੀ, CAA ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
Tuesday, May 18, 2021 - 05:57 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪਾਇਲਟਾਂ ਦੀ ਪ੍ਰੀਖਿਆ ਅਤੇ ਨਿਯੁਕਤੀ ਵਿਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਸਾਹਮਣੇ ਆਇਆ ਹੈ। ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਨੇ ਪਾਇਲਟ ਪ੍ਰੀਖਿਆਵਾਂ ਦੀ ਪ੍ਰਕਿਰਿਆ ਵਿਚ ਮਾੜੇ ਪ੍ਰਬੰਧਾਂ, ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਦਿਆਂ ਸੁਪਰੀਮ ਕੋਰਟ ਦੇ ਸਾਹਮਣੇ ਜਾਂਚ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਨੇ ਲੱਗਭਗ 30 ਪਾਇਲਟਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਜਦਕਿ ਕਈ ਪਾਇਲਟ ਕਿਸੇ ਹੋਰ ਨੂੰ ਪ੍ਰੀਖਿਆ ਦੇਣ ਲਈ ਭੇਜਦੇ ਹਨ।
ਰਿਪੋਰਟ ਮੁਤਾਬਕ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਦੋ ਪਾਇਲਟ ਤਾਂ ਪਾਕਿਸਤਾਨ ਵਿਚ ਮੌਜੂਦ ਹੀ ਨਹੀਂ ਹਨ ,ਬਾਕੀ 28 ਪਾਇਲਟਾਂ ਨੇ ਵ੍ਹੀਕਲੀ ਆਫ ਦੇ ਦਿਨ ਟੈਸਟ ਪਾਸ ਕੀਤਾ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਇਲਟਾਂ ਦੀ ਪ੍ਰੀਖਿਆ ਪ੍ਰਣਾਲੀ ਵਿਚ ਗੈਰ ਕਾਨੂੰਨੀ ਦਾਖਲਾ ਦੇ ਕੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਦੋ ਸੀਨੀਅਰ ਸੰਯੁਕਤ ਨਿਰਦੇਸ਼ਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਨੇ ਵੀ ਉਹਨਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਹਨ।
ਪੜ੍ਹੋ ਇਹ ਅਹਿਮ ਖਬਰ - ਸਖ਼ਤ ਫ਼ੈਸਲਿਆਂ ਨਾਲ ਕੋਰੋਨਾ ਤੋਂ ਕਰੀਬ 30 ਹਜ਼ਾਰ ਲੋਕਾਂ ਦੀ ਬਚਾਈ ਜਾਨ : ਮੌਰੀਸਨ
ਸੀ.ਏ.ਏ. ਨੇ ਪਾਕਿਸਤਾਨ ਦੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਕਾਰਨ 54 ਵਿਚੋਂ ਘੱਟੋ-ਘੱਟ 32 ਪਾਇਲਟਾਂ ਦੇ ਲਾਈਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਦੀ ਐਕਸਪ੍ਰੈਸ ਟ੍ਰਿਬਿਊਨ ਮੁਤਾਬਕ ਇਹ ਮੁੱਦਾ ਪਿਛਲੇ ਸਾਲ 22 ਮਈ ਨੂੰ ਕਰਾਚੀ ਵਿਚ ਪੀ.ਆਈ.ਏ. ਜਹਾਜ਼ ਹਾਦਸੇ ਦੇ ਬਾਅਦ ਸਾਹਮਣੇ ਆਇਆ ਸੀ, ਜਿਸ ਵਿਚ 97 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾ ਦੀ ਮੌਤ ਹੋ ਗਈ ਸੀ। ਹਾਦਸੇ ਦੀ ਕਾਰਨ 'ਹਿਊਮਨ ਐਰਰ' ਦੱਸਿਆ ਗਿਆ। ਬਾਅਦ ਵਿਚ ਜੂਨ ਵਿਚ ਪਤਾ ਚੱਲਿਆ ਕਿ 262 ਪਾਇਲਟਾਂ ਕੋਲ ਫਰਜ਼ੀ ਲਾਇਸੈਂਸ ਸਨ।