ਕਬੂਤਰਾਂ ਦੇ ''ਭਾਰਤ ਪ੍ਰੇਮ'' ਨਾਲ ਪਰੇਸ਼ਾਨ ਹਨ ਪਾਕਿਸਤਾਨੀ, ਜਾਣੋ ਕਿਉਂ

12/09/2019 5:42:17 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਭਾਰਤੀ ਸਰਹੱਦ ਨੇੜੇ ਕਬੂਤਰਬਾਜ਼ ਆਪਣੇ ਕੀਮਤੀ ਅਤੇ ਦੁਰਲੱਭ ਪ੍ਰਜਾਤੀਆਂ ਦੇ ਕਬੂਤਰਾਂ ਦੀ ਬੇਵਫਾਈ ਕਾਰਨ ਕਾਫੀ ਪਰੇਸ਼ਾਨ ਹਨ। ਉਹਨਾਂ ਦੇ ਇਹਨਾਂ ਕਬੂਤਰਾਂ ਵਿਚੋਂ ਕਈ ਤੇਜ਼ ਹਵਾ ਦੇ ਨਾਲ ਉੱਡਦੇ ਹੋਏ ਭਾਰਤ ਚਲੇ ਜਾਂਦੇ ਹਨ ਅਤੇ ਫਿਰ ਜਾਂ ਤਾਂ ਉਹਨਾਂ ਨੂੰ ਭਾਰਤ ਪਸੰਦ ਆ ਜਾਂਦਾ ਹੈ ਜਾਂ ਫਿਰ ਉਹ ਰਸਤਾ ਭੁੱਲ ਜਾਂਦੇ ਹਨ ਅਤੇ ਵਾਪਸ ਪਾਕਿਸਤਾਨ ਨਹੀਂ ਜਾਂਦੇ। ਇਸ ਨਾਲ ਇਹਨਾਂ ਪਾਕਿਸਤਾਨੀ ਕਬੂਤਰਬਾਜ਼ਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਨਸਾਨਾਂ ਦੀ ਬਣਾਈ ਸਰਹੱਦ ਨੂੰ ਇਹ ਪੰਛੀ ਨਹੀਂ ਮੰਨਦੇ ਅਤੇ ਨਤੀਜੇ ਵਜੋਂ ਲੱਖਾਂ ਰੁਪਏ ਤੱਕ ਦੀ ਕੀਮਤ ਦੇ ਕਬੂਤਰ ਨੂੰ ਉਸ ਦਾ ਮਾਲਕ ਗਵਾ ਬੈਠਦਾ ਹੈ। '

'ਐਕਸਪ੍ਰੈੱਸ ਨਿਊਜ਼' ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਸੀਮਾ ਦੇ ਨੇੜੇ ਦੇ ਇਲਾਕਿਆਂ ਵਾਹਘਾ, ਭਾਨੁਚਕ, ਨਰੋਡ, ਲਵਾਨਵਾਲਾ ਅਤੇ ਕਈ ਹੋਰ ਥਾਂਵਾਂ ਵਿਚ ਕਈ ਅਜਿਹੇ ਲੋਕ ਹਨ ਜਿਹਨਾਂ ਨੂੰ ਕਬੂਤਰ ਪਾਲਣ ਦਾ ਅਤੇ ਕਬੂਤਰਬਾਜ਼ੀ ਦਾ ਸ਼ੌਂਕ ਹੈ। ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਇਹ ਲੋਕ ਬਹੁਤ ਕੀਮਤੀ ਕਬੂਤਰ ਵੀ ਪਾਲਦੇ ਹਨ।  ਕਈ ਵਾਰ ਜਿਹੜੇ ਕਬੂਤਰਾਂ ਨੂੰ ਉਹ ਉਡਾਉਂਦੇ ਹਨ ਉਹ ਸਰਹੱਦ ਪਾਰ ਕਰ ਜਾਂਦੇ ਹਨ। ਇਹਨਾਂ ਵਿਚੋਂ ਕਈ ਤਾਂ ਪਰਤ ਆਉਂਦੇ ਹਨ ਪਰ ਕਈ ਉੱਥੇ ਹੀ ਰਹਿ ਜਾਂਦੇ ਹਨ।

ਰੇਹਾਨਾ ਨਾਮ ਦੇ ਕਬੂਤਰਬਾਜ਼ ਨੇ ਕਿਹਾ,''ਮੇਰੇ ਕੋਲ ਸੈਂਕੜੇ ਕਬੂਤਰ ਹਨ ਜਿਹਨਾਂ ਵਿਚੋਂ ਕਈਆਂ ਦੀ ਕੀਮਤ ਇਕ-ਇਕ ਲੱਖ ਰੁਪਏ ਤੱਕ ਹੈ। ਮੈਂ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਦਾ ਹਾਂ। ਉਸ ਸਮੇਂ ਬਹੁਤ ਦੁੱਖ ਹੁੰਦਾ ਹੈ ਜਦੋਂ ਮੇਰੇ ਕਬੂਤਰ ਥੋੜ੍ਹੀ ਹੀ ਦੂਰੀ 'ਤੇ ਮੇਰੇ ਸਾਹਮਣੇ ਹੀ ਸੀਮਾ ਪਾਰ ਕਰ ਜਾਂਦੇ ਹਨ ਅਤੇ ਫਿਰ ਵਾਪਸ ਨਹੀਂ ਆਉਂਦੇ। ਕਈ ਵਾਰ ਹਵਾ ਬਹੁਤ ਤੇਜ਼ ਹੁੰਦੀ ਹੈ ਜਿਸ ਨਾਲ ਕਬੂਤਰ ਭਾਰਤੀ ਸੀਮਾ ਵਿਚ ਦੂਰ ਤੱਕ ਚਲੇ ਜਾਂਦੇ ਹਨ।'' ਪਾਕਿਸਤਾਨੀ ਕਬੂਤਰਬਾਜ਼ਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਭਾਰਤ ਦੇ ਕਬੂਤਰ ਵੀ ਉਹਨਾਂ ਦੀਆਂ ਛੱਤਾਂ 'ਤੇ ਆ ਕੇ ਬੈਠਦੇ ਹਨ ਅਤੇ ਫਿਰ ਇੱਥੇ ਹੀ ਟਿੱਕ ਜਾਂਦੇ ਹਨ। ਉਹ ਉਹਨਾਂ ਨੂੰ ਭਾਰਤ ਵਾਪਸ ਭੇਜਣ ਲਈ ਉਡਾਉਂਦੇ ਹਨ ਪਰ ਕਈ ਉਹ ਦੁਬਾਰਾ ਉਹਨਾਂ ਦੀਆਂ ਛੱਤਾਂ 'ਤੇ ਬੈਠ ਜਾਂਦੇ ਹਨ। ਉਹਨਾਂ ਦਾ ਕੋਈ ਮਾਲਕ ਨਾ ਹੋਣ ਕਾਰਨ ਉਹ ਉਹਨਾਂ ਨੂੰ ਆਪਣੇ ਕੋਲ ਰੱਖ ਲੈਂਦੇ ਹਨ। 

ਕਬੂਤਰਾਂ ਨੂੰ ਪਾਲਣ ਦੇ ਸ਼ੁਕੀਨ ਮੁਹੰਮਦ ਇਰਫਾਨ ਨੇ ਕਿਹਾ ਆਮ ਕਬੂਤਰ ਚੱਲਿਆ ਜਾਵੇ ਤਾਂ ਦੁੱਖ ਨਹੀਂ ਹੁੰਦਾ ਪਰ ਬਹੁਤ ਮਹਿੰਗੇ ਕਬੂਤਰ ਜਦੋਂ ਤੱਕ ਵਾਪਸ ਨਹੀਂ ਆਉਂਦੇ ਉਦੋਂ ਤੱਕ ਦੁੱਖ ਹੁੰਦਾ ਹੈ। ਇਹਨਾਂ ਮਹਿੰਗੇ ਕਬੂਤਰਾਂ ਦੇ ਖੰਭਾਂ 'ਤੇ ਮੋਹਰ ਲਗਾਈ ਜਾਂਦੀ ਹੈ। ਇਹਨਾਂ ਦੇ ਪੈਰਾਂ ਵਿਚ ਖਾਸ ਨਿਸ਼ਾਨ ਵਾਲੇ ਛੱਲੇ ਪਾਏ ਜਾਂਦੇ ਹਨ। ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਜਾਣ ਵਾਲੇ ਕਬੂਤਰਾਂ ਨੂੰ ਕਈ ਵਾਰ ਭਾਰਤ ਵਿਚ ਜਾਸੂਸ ਸਮਝ ਲਿਆ ਜਾਂਦਾ ਹੈ। 


Vandana

Content Editor

Related News