ਪਾਕਿ : ਨਿਮਿਰਤਾ ਮੌਤ ਮਾਮਲੇ ''ਚ ਜੱਜ ਦਾ ਨਿਆਂਇਕ ਜਾਂਚ ਕਰਾਉਣ ਤੋਂ ਇਨਕਾਰ

9/23/2019 4:37:07 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਇਕ ਸੈਸ਼ਨ ਜੱਜ ਨੇ ਹਿੰਦੂ ਵਿਦਿਆਰਥਣ ਨਿਮਿਰਤਾ ਚੰਦਾਨੀ ਦੀ ਮੌਤ ਦੇ ਮਾਮਲੇ 'ਚ ਨਿਆਂਇਕ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਕ ਖਬਰ ਮੁਤਾਬਕ ਗ੍ਰਹਿ ਵਿਭਾਗ ਦੀ ਸਿਫਾਰਿਸ਼ ਦੇ ਬਾਵਜੂਦ ਜੱਜ ਨੇ ਮਨਾ ਕਰ ਦਿੱਤਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲਰਕਾਨਾ ਜ਼ਿਲਾ ਅਤੇ ਸੈਸ਼ਨ ਜੱਜ ਨੇ ਚੰਦਾਨੀ ਦੀ ਰਹੱਸਮਈ ਹਾਲਤ ਵਿਚ ਮੌਤ ਦੇ ਮਾਮਲੇ ਵਿਚ ਨਿਆਂਇਕ ਜਾਂਚ ਨਹੀਂ ਕਰਵਾਈ ਜਦਕਿ ਗ੍ਰਹਿ ਮੰਤਰਾਲੇ ਨੇ 18 ਸਤੰਬਰ ਨੂੰ ਇਸ ਲਈ ਅਪੀਲ ਕੀਤੀ ਸੀ। 

ਵਿਦੇਸ਼ ਯਾਤਰਾ 'ਤੇ ਗਏ ਗ੍ਰਹਿ ਸਕੱਤਰ ਅਬਦੁੱਲ ਕਬੀਰ ਕਾਜ਼ੀ ਨੂੰ ਪੁਲਸ ਨੇ ਸੈਸ਼ਨ ਜੱਜ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਜੱਜ ਦਾ ਨਾਮ ਜ਼ਾਹਰ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੈਂਟਲ ਦੀ ਵਿਦਿਆਰਥਣ ਪਿਛਲੇ ਹਫਤੇ ਆਪਣੇ ਹੋਸਟਲ ਦੇ ਕਮਰੇ ਵਿਚ ਮ੍ਰਿਤਕ ਮਿਲੀ ਸੀ। ਸਿੰਧ ਸੂਬੇ ਦੇ ਲਰਕਾਨਾ ਜ਼ਿਲੇ ਵਿਚ ਬੀਬੀ ਆਸਿਫਾ ਡੈਂਟਲ ਕਾਲਜ ਦੇ ਫਾਈਨਲ ਯੀਅਰ ਦੀ ਵਿਦਿਆਰਥਣ ਅਤੇ ਸਮਾਜਿਕ ਕਾਰਕੁੰਨ ਨਿਮਿਰਤਾ ਚੰਦਾਨੀ ਨੂੰ ਉਸ ਦੀਆਂ ਸਹੇਲੀਆਂ ਨੇ 16 ਸਤੰਬਰ ਨੂੰ ਮ੍ਰਿਤਕ ਦੇਖਿਆ ਸੀ। ਉਸ ਦੇ ਗਲੇ ਵਿਚ ਰੱਸੀ ਬੰਨ੍ਹੀ ਹੋਈ ਸੀ।

ਅਖਬਾਰ ਨੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ,''ਸਾਨੂੰ ਪਤਾ ਚੱਲਿਆ ਹੈ ਕਿ ਸੈਸ਼ਨ ਜੱਜ ਨੇ ਜਾਂਚ ਕਰਾਉਣ ਤੋਂ ਸਾਫ ਮਨਾ ਕਰ ਦਿੱਤਾ ਹੈ।'' ਉਨ੍ਹਾਂ ਨੇ ਕਿਹਾ ਕਿ ਕਾਜ਼ੀ ਨੇ ਲਰਕਾਨਾ ਪੁਲਸ ਨੂੰ ਦੱਸਿਆ ਹੈ ਕਿ ਸੈਸ਼ਨ ਜੱਜ ਜੇਕਰ ਜਾਂਚ ਸ਼ੁਰੂ ਕਰਾਉਣਾ ਨਹੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਲਿਖਤੀ ਵਿਚ ਦੇਣਾ ਹੋਵੇਗਾ। ਅਖਬਾਰ ਨੇ ਲਿਖਿਆ ਹੈ ਕਿ ਜੱਜ ਨੇ ਇਕ ਇਤਰਾਜ਼ ਇਹ ਜ਼ਾਹਰ ਕੀਤਾ ਹੈ ਕਿ ਗ੍ਰਹਿ ਵਿਭਾਗ ਨੇ ਸਿੱਧੇ ਉਸ ਨੂੰ ਅਪੀਲ ਕੀਤੀ ਹੈ ਜਦਕਿ ਇਸ ਤਰ੍ਹਾਂ ਦਾ ਨਿਰਦੇਸ਼ ਉਨ੍ਹਾਂ ਨੂੰ ਸਿੰਧ ਹਾਈ ਕੋਰਟ ਦੇ ਰਜਿਸਟਾਰ ਵੱਲੋਂ ਜਾਰੀ ਕੀਤਾ ਜਾਣਾ ਚਾਹੀਦਾ ਹੈ। ਪੁਲਸ ਨੇ ਮਾਮਲੇ ਵਿਚ ਹੁਣ ਤੱਕ 32 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਵਿਚ ਵਿਦਿਆਰਥਣ ਦੇ ਦੋ ਸਾਥੀ ਮਹਿਰਾਨ ਆਬਰੋ ਅਤੇ ਅਲੀ ਸ਼ਾਨ ਮੇਮਨ ਸ਼ਾਮਲ ਹਨ।


Vandana

Edited By Vandana