ਪਾਕਿ : ਤੋਸ਼ਖਾਨਾ ਮਾਮਲੇ ''ਚ ਜ਼ਰਦਾਰੀ ਅਤੇ ਗਿਲਾਨੀ ਦੋਸ਼ੀ ਕਰਾਰ, ਨਵਾਜ਼ ਭਗੌੜਾ ਘੋਸ਼ਿਤ

09/11/2020 5:23:16 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਇਕ ਅਦਾਲਤ ਨੇ ਤੋਸ਼ਖਾਨਾ ਮਾਮਲੇ ਵਿਚ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੂੰ ਦੋਸ਼ੀ ਕਰਾਰ ਦਿੱਤਾ। ਇਸੇ ਮਾਮਲੇ ਵਿਚ ਸਾਬਕਾ ਪੀ.ਐੱਮ ਨਵਾਜ਼ ਸ਼ਰੀਫ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ। ਤੋਸ਼ਖਾਨਾ ਰਿਸ਼ਵਤ ਮਾਮਲੇ ਨਾਲ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਣ ਦੀ ਗੱਲ ਕਹੀ ਗਈ ਹੈ। ਦੋਸ਼ ਹੈ ਕਿ ਇਹਨਾਂ ਤਿੰਨਾਂ ਦੇ ਸ਼ਾਸਨਕਾਲ ਵਿਚ ਜੰਮ ਕੇ ਭ੍ਰਿਸ਼ਟਾਚਾਰ ਹੋਇਆ ਸੀ ਅਤੇ ਰਿਸ਼ਵਤ ਲਈ ਗਈ ਸੀ। 

ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਅਸਗਰ ਅਲੀ ਨੇ ਸ਼ਰੀਫ (70) ਦੀਆਂ ਚੱਲ-ਅਚੱਲ ਜਾਇਦਾਦਾਂ ਦਾ ਵੇਰਵਾ ਵੀ ਮੰਗਿਆ। ਜਸਟਿਸ ਅਸਗਰ ਨੇ ਮਾਮਲੇ ਵਿਚ ਦੋਸ਼ੀ ਸਾਰੇ ਨੇਤਾਵਾਂ ਨੂੰ ਸੱਤ ਦਿਨ ਦੇ ਅੰਦਰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ। ਸ਼ਰੀਫ ਫਿਲਹਾਲ ਲੰਡਨ ਵਿਚ ਆਪਣਾ ਇਲਾਜ ਕਰਾ ਰਹੇ ਹਨ। ਤੋਸ਼ਖਾਨਾ ਰਿਸ਼ਵਤ ਮਾਮਲਾ ਕਥਿਤ ਤੌਰ 'ਤੇ ਗਿਲਾਨੀ (68), ਜ਼ਰਦਾਰੀ (65) ਅਤੇ ਸ਼ਰੀਫ ਦੇ ਲਈ ਨਿਯਮਾਂ ਵਿਚ ਢਿੱਲ ਦੇਣ ਨਾਲ ਸਬੰਧਤ ਹੈ, ਜਿਸ ਨਾਲ ਉਹ ਵਿਦੇਸ਼ਾਂ ਤੋਂ ਤੋਹਫੇ ਵਿਚ ਮਿਲੀਆਂ ਗੱਡੀਆਂ ਨੂੰ ਖਰੀਦ ਸਕਣ। 

ਤੋਸ਼ਖਾਨਾ ਉਹ ਵਿਭਾਗ ਹੈ ਜੋ ਪਾਕਿਸਤਾਨ ਦੇ ਸਰਕਾਰ ਦੇ ਮੁਖੀਆਂ ਅਤੇ ਰਾਜ ਦੇ ਮੁਖੀਆਂ ਨੂੰ ਦੂਜੇ ਦੇਸ਼ਾਂ ਤੋਂ ਮਿਲਣ ਵਾਲੇ ਤੋਹਫਿਆਂ ਦਾ ਸੰਗ੍ਰਹਿ ਕਰਦਾ ਹੈ। ਇਹ ਸਾਰੇ ਤੋਹਫੇ ਰਾਸ਼ਟਰੀ ਜਾਇਦਾਦ ਹੁੰਦੇ ਹਨ ਜਿਹਨਾਂ ਨੂੰ ਖੁੱਲ੍ਹੀ ਨੀਲਾਮੀ ਵਿਚ ਹੀ ਵੇਚਿਆ ਜਾ ਸਕਦਾ ਹੈ। ਸ਼ਰੀਫ 'ਤੇ ਦੋਸ਼ ਹੈ ਕਿ ਉਹਨਾਂ ਨੇ ਇਹ ਲਗਜ਼ਰੀ ਗੱਡੀਆਂ ਤੋਸ਼ਖਾਨਾ ਤੋਂ ਉਹਨਾਂ ਦੀ ਕੀਮਤ ਦਾ ਸਿਰਫ 15 ਫੀਸਦੀ ਦੇ ਕੇ ਹਾਸਲ ਕੀਤੀਆਂ ਹਨ। ਇਸੇ ਤਰ੍ਹਾਂ ਜ਼ਰਦਾਰੀ ਅਤੇ ਗਿਲਾਨੀ 'ਤੇ ਲਗਜ਼ਰੀ ਗੱਡੀਆਂ ਅਤੇ ਤੋਹਫੇ ਹਾਸਲ ਕਰਨ ਦਾ ਦੋਸ਼ ਹੈ।

ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਮਾਰਚ ਵਿਚ ਤੋਸ਼ਖਾਨਾ ਦੇ ਨਿਯਮਾਂ ਦੇ ਕਥਿਤ ਰੂਪ ਨਾਲ ਉਲੰਘਣਾ ਦਾ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ ਵਿਦੇਸ਼ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਲੰਡਨ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਜ਼ਰੀਏ ਸ਼ਰੀਫ ਦਾ ਗ੍ਰਿਫ਼ਤਾਰੀ ਵਾਰੰਟ ਤਾਮੀਲ ਕਰਵਾਏ। ਬੁੱਧਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਮਾਮਲੇ ਵਿਚ ਦੋਸ਼ੀ ਦੋ ਕਾਰੋਬਾਰੀ ਅਨਵਰ ਮਜੀਦ ਅਤੇ ਅਬਦੁੱਲ ਗਨੀ ਮਜੀਦ ਨੂੰ ਵੀ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਵਿਚ ਅਗਲੀ ਸੁਣਵਾਈ 24 ਸਤੰਬਰ ਨੂੰ ਹੋਵੇਗੀ।


Vandana

Content Editor

Related News