ਪਾਕਿ ''ਚ ਬੰਦੂਕਧਾਰੀਆਂ ਨੇ ਕੀਤੀ ਪੱਤਰਕਾਰ ਦੀ ਹੱਤਿਆ

Wednesday, Feb 26, 2020 - 05:15 PM (IST)

ਪਾਕਿ ''ਚ ਬੰਦੂਕਧਾਰੀਆਂ ਨੇ ਕੀਤੀ ਪੱਤਰਕਾਰ ਦੀ ਹੱਤਿਆ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੂਰਬੀ ਖੇਤਰ ਵਿਚ ਬੰਦੂਕਧਾਰੀਆਂ ਨੇ ਇਕ ਪਾਕਿਸਤਾਨੀ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੱਤਰਕਾਰ ਦੇ ਰਿਸ਼ਤੇਦਾਰ ਤਾਲਿਬਾਨ ਵਿਰੋਧੀ ਸਮੂਹ ਦੇ ਮੈਂਬਰ ਸਨ। ਪੁਲਸ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਖੇਤਰ ਵਿਚ ਮੀਡੀਆ ਨੂੰ ਨਿਸ਼ਾਨਾ ਬਣਾਉਣ ਦਾ ਇਹ ਤੀਜਾ ਮਾਮਲਾ ਹੈ। ਉੱਤਰ-ਪੱਛਮੀ ਪਾਕਿਸਤਾਨ ਦੀ ਸਵਾਤ ਘਾਟੀ ਤੋਂ ਕਰੀਬ 40 ਕਿਲੋਮੀਟਰ ਦੂਰ ਮਾਟਾ ਵਿਚ ਜਾਵੇਦੁੱਲਾ ਖਾਨ (36) ਨੂੰ ਮੰਗਲਵਾਰ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮਾਟਾ ਪਹਿਲਾਂ ਅੱਤਵਾਦੀਆਂ ਦਾ ਗੜ੍ਹ ਹੋਇਆ ਕਰਦਾ ਸੀ। ਜਾਵੇਦ ਉਰਦੂ ਭਾਸ਼ੀ ਅਖਬਾਰ 'ਔਸਾਫ' ਦੇ ਬਿਊਰੋ ਚੀਫ ਸਨ। 

ਸੀਨੀਅਰ ਪੁਲਸ ਅਧਿਕਾਰੀ ਮੁਹੰਮਦ ਇਜ਼ਾਜ਼ ਖਾਨ ਨੇ ਦੱਸਿਆ,''ਜਾਵੇਦ ਇਕ ਪੁਲਸ ਗਾਰਡ ਦੇ ਨਾਲ ਕਿਤੇ ਜਾ ਰਹੇ ਸਨ ਉਦੋਂ 2 ਬੰਦੂਕਧਾਰੀਆਂ ਨੇ ਉਹਨਾਂ ਦੀ ਗੱਡੀ 'ਤੇ ਗੋਲੀਆਂ ਚਲਾਈਆਂ। ਘਟਨਾਸਥਲ 'ਤੇ ਹੀ ਉਹਨਾਂ ਦੀ ਮੌਤ ਹੋ ਗਈ।'' ਇਕ ਸਥਾਨਕ ਪੁਲਸ ਅਧਿਕਾਰੀ ਅਲੀ ਮੁਹੰਮਦ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ। ਮੁਹੰਮਦ ਨੇ ਕਿਹਾ,''ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।'' ਉਹਨਾਂ ਨੇ ਦੱਸਿਆ,''ਉਹਨਾਂ ਦੇ ਭਰਾ, ਚਾਚਾ ਅਤੇ ਰਿਸ਼ਤੇਦਾਰਾਂ ਨੂੰ ਤਾਲਿਬਾਨ ਵਿਰੋਧੀ ਸ਼ਾਂਤੀ ਕਮੇਟੀ ਨਾਲ ਜੁੜੇ ਹੋਣ ਦੇ ਕਾਰਨ ਵੀ ਮਾਰ ਦਿੱਤਾ ਗਿਆ।''


author

Vandana

Content Editor

Related News