ਪਾਕਿ ਨੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼
Monday, May 24, 2021 - 02:03 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀਆਂ ਨੂੰ ਪਰਿਵਾਰ ਅਤੇ ਡਰਾਈਵਰਾਂ ਸਮੇਤ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਹੈ। ਅਸਲ ਵਿਚ ਪਿਛਲੇ ਹਫ਼ਤੇ ਭਾਰਤ ਤੋਂ ਇੱਥੇ ਆਉਣ 'ਤੇ ਇਹਨਾਂ ਵਿਚੋਂ ਇਕ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਵਿਦੇਸ਼ ਦਫਤਰ ਨੇ ਇਹ ਜਾਣਕਾਰੀ ਦਿੱਤੀ।
ਵਿਦੇਸ਼ ਦਫਤਰ ਦੇ ਬੁਲਾਰੇ ਜਾਹਿਦ ਹਫੀਜ਼ ਚੌਧਰੀ ਨੇ ਐਤਵਾਰ ਨੂੰ ਦੱਸਿਆ ਕਿ 12 ਅਧਿਕਾਰੀ ਅਤੇ ਉਹਨਾਂ ਦੇ ਪਰਿਵਾਰ ਵਾਲੇ ਸ਼ਨੀਵਾਰ (22 ਮਈ) ਨੂੰ ਵਾਹਗਾ ਸਰਹੱਦ ਪਾਰ ਕਰ ਕੇ ਪਾਕਿਸਤਾਨ ਆਏ ਸਨ। ਸਾਰੇ 12 ਅਧਿਕਾਰੀਆਂ ਕੋਲ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਰਿਪੋਰਟ ਸੀ ਪਰ ਪਾਕਿਸਤਾਨ ਦੇ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਇਹਨਾਂ ਦੀ ਦੁਬਾਰਾ ਜਾਂਚ ਕੀਤੀ ਗਈ। ਬੁਲਾਰੇ ਮੁਤਾਬਕ,''ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਦੀ ਜਾਂਚ ਵਿਚ ਇਕ ਅਧਿਕਾਰੀ ਦੀ ਪਤਨੀ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ।''
ਪੜ੍ਹੋ ਇਹ ਅਹਿਮ ਖਬਰ- ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕੋਰੋਨਾ ਵੈਕਸੀਨ ਲਈ ਅਮਰੀਕਾ ਤੋਂ ਮੰਗੀ ਮਦਦ
ਗਲੋਬਲ ਮਹਾਮਾਰੀ 'ਤੇ ਪਾਕਿਸਤਾਨ ਦੀ ਸੀਨੀਅਰ ਈਕਾਈ 'ਨੈਸ਼ਨਲ ਕਮਾਂਡ ਐਂਡ ਕੰਟਰੋਲ ਸੈਂਟਰ' (ਐੱਨ.ਸੀ.ਓ.ਸੀ.) ਨੇ ਮਾਮਲੇ ਦੀ ਸਮੀਖਿਆ ਕੀਤੀ ਅਤੇ ਸਾਰੇ ਅਧਿਕਾਰੀਆਂ, ਉਹਨਾਂ ਦੇ ਪਰਿਵਾਰ ਵਾਲਿਆਂ ਅਤੇ ਡਰਾਈਵਰਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਅਧਿਕਾਰੀ ਨੇ ਕਿਹਾ,''ਭਾਰਤੀ ਹਾਈ ਕਮਿਸ਼ਨ ਨੂੰ ਐੱਨ.ਸੀ.ਓ.ਸੀ. ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।'' ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਨਿਰਧਾਰਤ ਮਿਆਰੀ ਓਪਰੇਟਿੰਗ ਪ੍ਰਕਿਰਿਆਵਾਂ ਦੇ ਤਹਿਤ ਜੇਕਰ ਕੋਈ ਡਿਪਲੋਮੈਟਿਕ ਕਰਮਚਾਰੀ ਜਾਂ ਉਹਨਾਂ ਦਾ ਕੋਈ ਸਹਿਯੋਗੀ ਪੀੜਤ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਬਜਾਏ ਉਸੇ ਦੇਸ਼ ਵਿਚ ਇਕਾਂਤਾਵਾਸ ਵਿਚ ਰਹਿਣਾ ਹੋਵੇਗਾ।