ਇਮਰਾਨ ਦੀ ਕੈਬਨਿਟ ਦੇ 12 ਮੰਤਰੀ ਕਰ ਚੁੱਕੇ ਹਨ ਮੁਸ਼ੱਰਫ ਨਾਲ ਕੰਮ

08/20/2018 12:29:13 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੇ ਮੰਤਰੀ ਮੰਡਲ ਵਿਚ 21 ਮੈਂਬਰ ਹੋਣਗੇ। ਇਨ੍ਹਾਂ ਵਿਚੋਂ 16 ਮੈਂਬਰ ਮੰਤਰੀ ਅਤੇ ਹੋਰ ਪ੍ਰਧਾਨ ਮੰਤਰੀ ਦੇ ਸਲਾਹਕਾਰ ਹੋਣਗੇ। ਇਨ੍ਹਾਂ ਵਿਚੋਂ ਘੱਟੋ-ਘੱਟ 12 ਮੰਤਰੀ ਸਾਬਕਾ ਮਿਲਟਰੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਸਮੇਂ ਖਾਸ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਮੁਸ਼ੱਰਫ ਦੇ ਬੁਲਾਰੇ, ਉਸ ਦੇ ਵਕੀਲ ਅਤੇ ਮੰਤਰੀ ਰਹਿ ਚੁੱਕੇ ਲੋਕਾਂ 'ਤੇ ਇਮਰਾਨ ਨੇ ਭਰੋਸਾ ਜ਼ਾਹਰ ਕੀਤਾ ਹੈ। ਨਵੇਂ ਮੰਤਰੀਆਂ ਨੂੰ ਸੋਮਵਾਰ ਨੁੰ ਰਾਸ਼ਟਰਪਤੀ ਭਵਨ ਵਿਚ ਸਹੁੰ ਚੁਕਾਏ ਜਾਣ ਦੀ ਉਮੀਦ ਹੈ। 

PunjabKesari

ਸ਼ਾਹ ਮਹਿਮੂਦ ਕੁਰੈਸ਼ੀ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਹੋਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਪ ਪ੍ਰਧਾਨ ਕੁਰੈਸ਼ੀ ਸਾਲ 2008 ਵਿਚ ਮੁੰਬਈ ਅੱਤਵਾਦੀ ਹਮਲੇ ਦੇ ਸਮੇਂ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਨ। ਜਦੋਂ ਲਸ਼ਕਰ ਅੱਤਵਾਦੀਆਂ ਨੇ ਮੁੰਬਈ 'ਤੇ ਹਮਲਾ ਕੀਤਾ ਸੀ, ਉਦੋਂ ਕੁਰੈਸ਼ੀ ਨਵੀਂ ਦਿੱਲੀ ਵਿਚ ਹੀ ਸਨ। ਪਰਵੇਜ਼ ਖਟੱਕ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2013-18 ਤੱਕ ਉਹ ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸਾਬਕਾ ਲੈਫਟੀਨੈਂਟ ਜਨਰਲ ਮੁਹੰਮਦ ਉਮਰ ਦੇ ਬੇਟੇ ਅਸਦ ਉਮਰ ਨਵੀਂ ਸਰਕਾਰ ਵਿਚ ਵਿੱਤ ਮੰਤਰੀ ਹੋਣਗੇ। ਸਾਲ 1971 ਵਿਚ ਭਾਰਤ-ਪਾਕਿਸਤਾਨ ਯੁੱਧ ਸਮੇਂ ਮੁਹੰਮਦ ਉਮਰ ਪਾਕਿਸਤਾਨੀ ਫੌਜ ਵਿਚ ਸ਼ਾਮਲ ਸਨ। ਖਟੱਕ ਅਤੇ ਕੁਰੈਸ਼ੀ ਸਮੇਤ 5 ਮੰਤਰੀ ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਵਿਚ ਵੀ ਮੰਤਰੀ ਰਹਿ ਚੁੱਕੇ ਹਨ। ਮੁਸ਼ੱਰਫ ਦੇ ਸਮੇਂ ਰੇਲ ਮੰਤਰੀ ਰਹਿ ਚੁੱਕੇ ਸ਼ੇਖ ਰਾਸ਼ਿਦ ਨੂੰ ਉਹੀ ਅਹੁਦਾ ਮਿਲਿਆ ਹੈ। ਇਮਰਾਨ ਨੇ 3 ਔਰਤਾਂ ਸ਼ਿਰੀਨ ਮਜ਼ਾਰੀ, ਜ਼ੁਬੈਦਾ ਜਲਾਲ ਅਤੇ ਫਹਮਿਦਾ ਮਿਰਜ਼ਾ ਨੂੰ ਵੀ ਮੰਤਰੀ ਬਣਾਇਆ ਹੈ।


Related News